ਬੀਰਭੂਮ ਹਿੰਸਾ ਮਾਮਲਾ: ਮਮਤਾ ਬੈਨਰਜੀ ਨੇ ਦਿੱਤਾ ਭਰੋਸਾ, ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ
Thursday, Mar 24, 2022 - 05:45 PM (IST)
ਰਾਮਪੁਰਹਾਟ (ਭਾਸ਼ਾ)– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਬੀਰਭੂਮ ਹਿੰਸਾ ਮਾਮਲੇ ਦੇ ਸ਼ੱਕੀਆਂ ਦੇ ਆਤਮ-ਸਮਰਪਣ ਨਾ ਕਰਨ ’ਤੇ ਉਨ੍ਹਾਂ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਪੁਲਸ ਯਕੀਨੀ ਕਰੇਗੀ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੇ। ਬੈਨਰਜੀ ਨੇ ਵੀਰਵਾਰ ਨੂੰ ਬੋਗਤੁਈ ਪਿੰਡ ਦਾ ਦੌਰਾ ਕੀਤਾ, ਜਿੱਥੇ ਮੰਗਲਵਾਰ ਨੂੰ 8 ਲੋਕਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ ਸੀ। ਬੈਨਰਜੀ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ।ਮਮਤਾ ਬੈਨਰਜੀ ਨੇ ਕਿਹਾ ਕਿ ਪੁਲਸ ਇਹ ਯਕੀਨੀ ਕਰੇਗੀ ਕਿ ਬੀਰਭੂਮ ਹਿੰਸਾ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ। ਅਦਾਲਤ ਦੇ ਸਾਹਮਣੇ ਇਕ ਸਖ਼ਤ ਮਾਮਲਾ ਦਾਇਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬੀਰਭੂਮ ਹਿੰਸਾ ਮਾਮਲਾ: ਕਲਕੱਤਾ ਹਾਈ ਕੋਰਟ ਨੇ ਮਮਤਾ ਸਰਕਾਰ ਕੋਲੋਂ 24 ਘੰਟਿਆਂ ’ਚ ਮੰਗੀ ਰਿਪੋਰਟ
ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂਨੂੰ 5-5 ਲੱਖ ਰੁਪਏ ਦੇਣ ਅਤੇ ਨੁਕਸਾਨੇ ਮਕਾਨਾਂ ਦੇ ਮੁੜ ਨਿਰਮਾਣ ਲਈ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਬੈਨਰਜੀ ਨੇ ਕਿਹਾ, ‘‘ਪੁਲਸ ਨੂੰ ਪੂਰੇ ਬੰਗਾਲ ’ਚ ਗੈਰ-ਕਾਨੂੰਨੀ ਹਥਿਆਰਾਂ ਅਤੇ ਬੰਬਾਂ ਦੇ ਗੁਪਤ ਜਖੀਰਿਆਂ ਦਾ ਪਤਾ ਲਾਉਣ ਦਾ ਆਦੇਸ਼ ਵੀ ਦਿੱਤਾ ਗਿਆ ਹੈ।’’
ਇਹ ਵੀ ਪੜ੍ਹੋ: ਬੀਰਭੂਮ ਹਿੰਸਾ ਮਾਮਲਾ: ਜਾਂਚ ਰਿਪੋਰਟ ’ਚ ਹੋਇਆ ਹੈਰਾਨ ਕਰਦਾ ਖ਼ੁਲਾਸਾ
ਜ਼ਿਕਰਯੋਗ ਹੈ ਕਿ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਕਸਬੇ ਕੋਲ ਬੋਗਤੁਈ ਪਿੰਡ ’ਚ ਮੰਗਲਵਾਰ ਤੜਕੇ ਕੁਝ ਘਰਾਂ ਨੂੰ ਅੱਗ ਲਾ ਦਿੱਤੀ ਗਈ, ਜਿਸ ਕਾਰਨ 2 ਬੱਚਿਆਂ ਸਮੇਤ 8 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਪੰਚਾਇਤ ਅਧਿਕਾਰੀ ਦੇ ਕਤਲ ਦੇ ਰੋਹ ਵਜੋਂ ਹੋਈ ਸੀ।