ਤਿਓਹਾਰਾਂ ’ਚ ਅਸ਼ਲੀਲ ਗਾਣੇ ਵਜਾਉਣ ਵਾਲਿਆਂ ’ਤੇ ਨਕੇਲ ਕਸੇਗੀ ਬਿਹਾਰ ਪੁਲਸ
Sunday, Feb 19, 2023 - 12:44 PM (IST)
ਪਟਨਾ, (ਭਾਸ਼ਾ)- ਬਿਹਾਰ ਪੁਲਸ ਨੇ ਸ਼ਨੀਵਾਰ ਨੂੰ ਮਹਾਸ਼ਿਵਰਾਤਰੀ ਅਤੇ ਤਿੰਨ ਹਫ਼ਤੇ ਬਾਅਦ ਹੋਲੀ ਤੱਕ ਤਿਓਹਾਰਾਂ ਵਰਗਾ ਮਾਹੌਲ ਰਹਿਣ ਦੇ ਮੱਦੇਨਜ਼ਰ ਚਿਤਾਵਨੀ ਦਿੱਤੀ ਹੈ ਕਿ ਅਸ਼ਲੀਲ ਗਾਣੇ ਵਜਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ। ਏ. ਡੀ. ਜੀ. ਪੀ. (ਹੈੱਡਕੁਆਰਟਰ) ਜੇ. ਐੱਸ. ਗੰਗਵਾਰ ਅਨੁਸਾਰ, ਅਜਿਹੇ ਗਾਣੇ ਜੋ ਸੁਣਨ ’ਚ ਸ਼ੋਭਾ ਨਾ ਦਿੰਦੇ ਹੋਣ, ਉਨ੍ਹਾਂ ਨੂੰ ਅਸ਼ਲੀਲ ਮੰਨਿਆ ਜਾਵੇਗਾ ਅਤੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਗੰਗਵਾਰ ਨੇ ਕਿਹਾ ਕਿ ਪੁਲਸ ਮੁਲਾਜ਼ਮ, ਪੁਰਸ਼ ਅਤੇ ਔਰਤ ਦੋਵੇਂ, ਆਪਣੇ-ਆਪਣੇ ਅਧਿਕਾਰ ਖੇਤਰ ’ਚ ਗਸ਼ਤ ਕਰਨਗੇ ਅਤੇ ਇਸ ਮਿਆਦ ਦੌਰਾਨ ਵੱਖ-ਵੱਖ ਪੰਡਾਲਾਂ ’ਤੇ ਸਖਤ ਨਜ਼ਰ ਰੱਖਣਗੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋਕ ਅਜਿਹੇ ਗਾਣੇ ਵਜਾਉਣ ਤੋਂ ਬਚਣ ਜੋ ਅਸ਼ਲੀਲ ਹੋਣ ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਣ।’’ ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਪੈਸ਼ਲ ਬ੍ਰਾਂਚ ਵੱਲੋਂ ਸਾਰੇ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨੂੰ ਇਕ ਪੱਤਰ ਭੇਜਿਆ ਗਿਆ ਸੀ, ਜਿਸ ’ਚ ਜਾਤੀਸੂਚਕ ਅਤੇ ਫਿਰਕੂ ਬੋਲ ਵਾਲੇ ਗਾਣੇ ਵਜਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਸਲਾਹ ਦਿੱਤੀ ਗਈ ਸੀ।