''ਗਯਾ'' ਸ਼ਹਿਰ ਦਾ ਨਾਂ ਬਦਲਿਆ, ਜਾਣੋ ਹੁਣ ਇਸ ਨੂੰ ਕਿਸ ਨਾਂ ਤੋਂ ਜਾਣਿਆ ਜਾਵੇਗਾ
Saturday, May 17, 2025 - 01:14 PM (IST)

ਨੈਸ਼ਨਲ ਡੈਸਕ- ਬਿਹਾਰ ਸਰਕਾਰ ਨੇ ਇਕ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸ਼ਹਿਰ ਦਾ ਨਾਂ ਬਦਲ ਕੇ 'ਗਯਾ ਜੀ' ਕਰ ਦਿੱਤਾ ਹੈ। ਇਸ ਕਦਮ ਨਾਲ ਸ਼ਹਿਰ ਦੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਹੋਰ ਵੀ ਸਨਮਾਨਤ ਕੀਤਾ ਜਾਵੇਗਾ। ਇਹ ਨਾਂ ਨਾ ਸਿਰਫ਼ ਸਥਾਨਕ ਪਛਾਣ ਨੂੰ ਨਿਖਾਰੇਗਾ, ਸਗੋਂ ਕਿ ਖੇਤਰੀ ਵਿਕਾਸ ਵਿਚ ਵੀ ਯੋਗਦਾਨ ਦੇਵੇਗਾ।
ਦਰਅਸਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਹੋਈ ਕੈਬਨਿਟ ਬੈਠਕ ਵਿਚ ਕਈ ਅਹਿਮ ਫ਼ੈਸਲੇ ਲਏ ਗਏ, ਜਿਨ੍ਹਾਂ ਵਿਚ ਸੂਬੇ ਦੇ ਵਿਕਾਸ, ਕਰਮਚਾਰੀਆਂ ਦੇ ਲਾਭ ਅਤੇ ਸਮਾਜਿਕ ਕਲਿਆਣ ਨਾਲ ਜੁੜੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਫੈਸਲਿਆਂ ਨੇ ਬਿਹਾਰ ਦੇ ਨਾਗਰਿਕਾਂ, ਸ਼ਹੀਦ ਪਰਿਵਾਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਮਹੱਤਵਪੂਰਨ ਰਾਹਤ ਅਤੇ ਮੌਕੇ ਪ੍ਰਦਾਨ ਕੀਤੇ ਹਨ। ਕੈਬਨਿਟ ਦੀ ਬੈਠਕ ਵਿਚ ਲਏ ਗਏ ਫ਼ੈਸਲਿਆਂ ਦੀ ਲੜੀ ਵਿਚ ਗਯਾ ਸ਼ਹਿਰ ਦਾ ਨਾਂ ਬਦਲਣ ਨੂੰ ਲੈ ਕੇ ਜਲ ਸਪਲਾਈ ਯੋਜਨਾਵਾਂ ਲਈ ਵਿੱਤੀ ਮਨਜ਼ੂਰੀਆਂ ਤੱਕ ਕਈ ਵੱਡੇ ਕਦਮ ਚੁੱਕੇ ਗਏ ਹਨ।
ਗਯਾ ਸ਼ਹਿਰ ਨੂੰ ਹੁਣ ਗਯਾ ਜੀ ਦੇ ਨਾਂ ਤੋਂ ਜਾਣਿਆ ਜਾਵੇਗਾ, ਇਹ ਫ਼ੈਸਲਾ ਸਥਾਨਕ ਸੱਭਿਆਚਾਰ ਅਤੇ ਧਾਰਮਿਕ ਮਹੱਤਵ ਨੂੰ ਸਨਮਾਨ ਦੇਣ ਲਈ ਲਿਆ ਗਿਆ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ, ਜੋ ਉਨ੍ਹਾਂ ਦੇ ਯੋਗਦਾਨ ਅਤੇ ਬਲੀਦਾਨ ਨੂੰ ਸਨਮਾਨਤ ਕਰਨ ਦਾ ਇਕ ਵੱਡਾ ਕਦਮ ਹੈ।