Epstein Files : ਹੁਣ ਕੈਰੀਨਾ ਦਾ ਨਾਂ ਆਇਆ ਸਾਹਮਣੇ? 850 ਕਰੋੜ ਦੀ ''ਰਹੱਸਮਈ ਵਾਰਿਸ''
Thursday, Feb 12, 2026 - 05:36 PM (IST)
ਵੈੱਬ ਡੈਸਕ : ਦੁਨੀਆ ਦੇ ਸਭ ਤੋਂ ਬਦਨਾਮ ਅਮੀਰਾਂ 'ਚੋਂ ਇੱਕ ਜੈਫਰੀ ਐਪਸਟੀਨ (Jeffrey Epstein) ਦੀ ਜ਼ਿੰਦਗੀ ਦੇ ਕਾਲੇ ਪੰਨਿਆਂ ਵਿੱਚੋਂ ਹੁਣ ਇੱਕ ਅਜਿਹੀ ਮਹਿਲਾ ਦਾ ਨਾਮ ਸਾਹਮਣੇ ਆ ਰਿਹਾ ਹੈ, ਜੋ ਉਸਦੇ ਸਭ ਤੋਂ ਡੂੰਘੇ ਰਾਜ਼ਾਂ ਦੀ ਰਾਜ਼ਦਾਰ ਮੰਨੀ ਜਾਂਦੀ ਹੈ। ਇਹ ਮਹਿਲਾ 'ਕੈਰੀਨਾ ਸ਼ੁਲਿਆਕ' (Karyna Shuliak) ਹੈ, ਜਿਸ ਨੂੰ ਐਪਸਟੀਨ ਨੇ ਸਾਲ 2019 'ਚ ਜੇਲ੍ਹ ਅੰਦਰ ਖੁਦਕੁਸ਼ੀ ਕਰਨ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਫੋਨ ਕੀਤਾ ਸੀ। ਜਦੋਂ ਪੂਰੀ ਦੁਨੀਆ ਐਪਸਟੀਨ ਦੇ ਖਿਲਾਫ ਖੜ੍ਹੀ ਸੀ, ਉਦੋਂ ਵੀ ਕੈਰੀਨਾ ਉਸਦੇ ਸਭ ਤੋਂ ਨਜ਼ਦੀਕ ਸੀ।

ਕਿਵੇਂ ਸ਼ੁਰੂ ਹੋਈ ਇਹ ਕਹਾਣੀ?
ਕੈਰੀਨਾ ਅਤੇ ਐਪਸਟੀਨ ਦੀ ਪਹਿਲੀ ਮੁਲਾਕਾਤ ਸਾਲ 2010 ਵਿੱਚ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਹੋਈ ਸੀ। ਉਸ ਸਮੇਂ ਕੈਰੀਨਾ ਦੀ ਉਮਰ ਸਿਰਫ 20 ਸਾਲ ਸੀ। ਐਪਸਟੀਨ ਇਸ ਮੁਟਿਆਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਉਸਨੂੰ ਅਮਰੀਕਾ ਲਿਆਉਣ ਅਤੇ ਉੱਥੇ ਵਸਾਉਣ ਲਈ ਆਪਣਾ ਪੂਰਾ ਰਸੂਖ ਵਰਤਿਆ। ਕੈਰੀਨਾ ਅਮਰੀਕਾ ਵਿੱਚ ਡੈਂਟਿਸਟ ਬਣਨਾ ਚਾਹੁੰਦੀ ਸੀ, ਪਰ ਉਸਨੂੰ ਕੋਲੰਬੀਆ ਯੂਨੀਵਰਸਿਟੀ ਦੇ ਡੈਂਟਲ ਕਾਲਜ ਵਿੱਚ ਦਾਖਲਾ ਨਹੀਂ ਸੀ ਮਿਲ ਰਿਹਾ।

ਪੈਸੇ ਅਤੇ ਰਸੂਖ ਦਾ ਖੇਡ
ਆਪਣੀ ਪ੍ਰੇਮਿਕਾ ਨੂੰ ਡਾਕਟਰ ਬਣਾਉਣ ਲਈ ਐਪਸਟੀਨ ਨੇ ਯੂਨੀਵਰਸਿਟੀ ਨੂੰ 50 ਲੱਖ ਤੋਂ ਲੈ ਕੇ 1 ਕਰੋੜ ਡਾਲਰ ਤੱਕ ਦੇ ਦਾਨ ਦਾ ਲਾਲਚ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਕੈਰੀਨਾ ਲਈ ਵੱਖਰਾ ਸਟੱਡੀ ਪਲਾਨ ਤਿਆਰ ਕੀਤਾ ਗਿਆ। ਦਸਤਾਵੇਜ਼ਾਂ ਅਨੁਸਾਰ, ਐਪਸਟੀਨ ਨੇ ਕੈਰੀਨਾ ਦੀ ਪੜ੍ਹਾਈ ਦੀ ਫੀਸ ਵਜੋਂ ਹੀ ਲਗਭਗ 5 ਕਰੋੜ ਰੁਪਏ (6.31 ਲੱਖ ਡਾਲਰ) ਅਦਾ ਕੀਤੇ ਸਨ।
ਵਸੀਅਤ ਵਿੱਚ 850 ਕਰੋੜ ਦੀ ਦੌਲਤ ਅਤੇ ਹੀਰੇ ਦੀ ਮੁੰਦਰੀ
ਐਪਸਟੀਨ ਨੇ ਆਪਣੀ ਮੌਤ ਤੋਂ ਸਿਰਫ਼ ਦੋ ਦਿਨ ਪਹਿਲਾਂ ਆਪਣੀ ਆਖਰੀ ਵਸੀਅਤ 'ਤੇ ਦਸਤਖਤ ਕੀਤੇ ਸਨ, ਜਿਸ 'ਚ ਕੈਰੀਨਾ ਸ਼ੁਲਿਆਕ ਦਾ ਨਾਮ ਸਭ ਤੋਂ ਉੱਪਰ ਸੀ। ਉਸਨੇ ਕੈਰੀਨਾ ਲਈ 100 ਮਿਲੀਅਨ ਡਾਲਰ (ਲਗਭਗ 850 ਕਰੋੜ ਰੁਪਏ) ਦੀ ਭਾਰੀ ਰਾਸ਼ੀ ਅਤੇ ਆਪਣੀ 33 ਕੈਰੇਟ ਦੀ ਬੇਸ਼ਕੀਮਤੀ ਹੀਰੇ ਦੀ ਮੁੰਦਰੀ ਛੱਡੀ ਸੀ।

ਅੱਜ ਕਿੱਥੇ ਹੈ ਕੈਰੀਨਾ?
ਜੇਲ੍ਹ ਵਿੱਚ ਐਪਸਟੀਨ ਅਤੇ ਕੈਰੀਨਾ ਵਿਚਕਾਰ ਹੋਈ ਆਖਰੀ ਗੱਲਬਾਤ ਅੱਜ ਵੀ ਇੱਕ ਰਹੱਸ ਬਣੀ ਹੋਈ ਹੈ। ਅੱਜ 36 ਸਾਲ ਦੀ ਹੋ ਚੁੱਕੀ ਕੈਰੀਨਾ ਨਿਊਯਾਰਕ ਵਿੱਚ ਗੁਮਨਾਮ ਜ਼ਿੰਦਗੀ ਬਤੀਤ ਕਰ ਰਹੀ ਹੈ। ਹਾਲਾਂਕਿ, ਐਪਸਟੀਨ ਨਾਲ ਜੁੜੀਆਂ ਨਵੀਆਂ ਫਾਈਲਾਂ ਦੇ ਖੁਲਾਸੇ ਨੇ ਇੱਕ ਵਾਰ ਫਿਰ ਉਸਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਲੈ ਆਂਦਾ ਹੈ ਅਤੇ ਉਹ ਐਪਸਟੀਨ ਦੇ ਸਾਮਰਾਜ ਦੀ ਸਭ ਤੋਂ ਵੱਡੀ ਵਾਰਿਸ ਵਜੋਂ ਉਭਰੀ ਹੈ।
