ਬਿਹਾਰ ’ਚ 53 ਪੁਲਸ ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ
Saturday, Jan 18, 2025 - 06:46 PM (IST)
ਗੋਪਾਲਗੰਜ (ਏਜੰਸੀ)- ਬਿਹਾਰ ਦੇ ਗੋਪਾਲਗੰਜ ਜ਼ਿਲੇ ’ਚ 53 ਪੁਲਸ ਅਧਿਕਾਰੀਆਂ ’ਤੇ ਤਬਾਦਲੇ ਤੋਂ ਬਾਅਦ ਵੀ ਉਨ੍ਹਾਂ ਦੀ ਥਾਂ ’ਤੇ ਆਉਣ ਵਾਲੇ ਅਧਿਕਾਰੀ ਨੂੰ ਕੇਸ ਫਾਈਲ ਨਾ ਸੌਂਪਣ, ਕਈ ਮਾਮਲਿਆਂ ਦੀ ਜਾਂਚ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਮਾਮਲੇ ਦਰਜ ਕੀਤੇ ਗਏ ਹਨ। ਗੋਪਾਲਗੰਜ ਦੇ ਪੁਲਸ ਸੁਪਰਡੈਂਟ ਅਵਧੇਸ਼ ਦੀਕਸ਼ਿਤ ਮੁਤਾਬਕ, ਜ਼ਿਲੇ ਦੇ 4 ਥਾਣਿਆਂ ਵਿਚ ਇਨ੍ਹਾਂ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ।
ਦੀਕਸ਼ਿਤ ਨੇ ਦੱਸਿਆ ਕਿ ਜੇਕਰ ਉਹ ਅਗਲੇ ਇਕ ਹਫ਼ਤੇ ਵਿਚ ਮਾਮਲਿਆਂ ਨੂੰ ਸੌਂਪਣ ਵਿਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਜ਼ਿਲਾ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਜਾਂਚ ਪੈਂਡਿੰਗ ਪਈ ਹੈ ਕਿਉਂਕਿ ਤਤਕਾਲੀ ਜਾਂਚ ਅਧਿਕਾਰੀਆਂ (ਕੁੱਲ 53) ਦਾ ਤਬਾਦਲਾ ਹੋ ਗਿਆ ਅਤੇ ਉਨ੍ਹਾਂ ਨੇ ਫਾਈਲਾਂ ਹੋਰ ਅਧਿਕਾਰੀਆਂ ਨੂੰ ਨਹੀਂ ਸੌਂਪੀਆਂ।