ਐੱਸ. ਆਈ. ਆਰ. ਨੂੰ ਲੈ ਕੇ ਸੰਸਦ ’ਚ ਫਿਰ ਹੰਗਾਮਾ

Friday, Aug 01, 2025 - 01:31 AM (IST)

ਐੱਸ. ਆਈ. ਆਰ. ਨੂੰ ਲੈ ਕੇ ਸੰਸਦ ’ਚ ਫਿਰ ਹੰਗਾਮਾ

ਨਵੀਂ ਦਿੱਲੀ (ਭਾਸ਼ਾ)-ਬਿਹਾਰ ’ਚ ਜਾਰੀ ਵੋਟਰ ਸੂਚੀ ਦੀ ਵਿਸ਼ੇਸ਼ ਸੋਧ (ਐੱਸ. ਆਈ. ਆਰ.) ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਲੋਕ ਸਭਾ ’ਚ ਵੀਰਵਾਰ ਨੂੰ ਵੀ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। 2 ਵਾਰ ਮੁਲਤਵੀ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ 4 ਵਜੇ ਜਿਵੇਂ ਹੀ ਸ਼ੁਰੂ ਹੋਈ, ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਵਲੋਂ ਲਾਈ ਗਈ ਇੰਪੋਰਟ ਡਿਊਟੀ (ਟੈਰਿਫ) ’ਤੇ ਸਰਕਾਰ ਦੇ ਰੁਖ਼ ਨੂੰ ਲੈ ਕੇ ਸਦਨ ’ਚ ਆਪਣਾ ਬਿਆਨ ਦਿੱਤਾ।

ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤ ’ਤੇ ਲਈ ਗਈ ਇੰਪੋਰਟ ਡਿਊਟੀ (ਟੈਰਿਫ) ਦੇ ਅਸਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਰਾਸ਼ਟਰੀ ਹਿਤਾਂ ਨੂੰ ਸੁਰੱਖਿਅਤ ਕਰਨ ਅਤੇ ਅੱਗੇ ਵਧਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਜਦੋਂ ਗੋਇਲ ਦਾ ਬਿਆਨ ਖ਼ਤਮ ਹੋਇਆ ਤਾਂ ਸਪੀਕਰ ਓਮ ਬਿਰਲਾ ਨੇ ਸਿਫਰ ਕਾਲ ਦਾ ਐਲਾਨ ਕੀਤਾ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਉਹ ਐੱਸ. ਆਈ. ਆਰ. ’ਤੇ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ। ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਲੰਘੀ 21 ਜੁਲਾਈ ਨੂੰ ਹੋਈ ਸੀ ਅਤੇ ਹੇਠਲੇ ਸਦਨ ’ਚ ਸ਼ੁਰੂਆਤੀ 6 ਦਿਨਾਂ ਤੱਕ ਪ੍ਰਸ਼ਨਕਾਲ ਨਹੀਂ ਚੱਲ ਸਕਿਆ।

ਓਧਰ, ਐੱਸ. ਆਈ. ਆਰ. ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਬੈਠਕ ਵੀਰਵਾਰ ਨੂੰ 3 ਵਾਰ ਮੁਲਤਵੀ ਕਰਨ ਤੋਂ ਬਾਅਦ ਬਾਅਦ ਦੁਪਹਿਰ 4 ਵੱਜ ਕੇ 45 ਮਿੰਟ ’ਤੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।


author

Hardeep Kumar

Content Editor

Related News