ਭਿਆਨਕ ਸੜਕ ਹਾਦਸੇ ਨੇ ਵਿਛਾਏ ਸੱਥਰ ! 3 ਦੋਸਤਾਂ ਦੀ ਹੋਈ ਦਰਦਨਾਕ ਮੌਤ
Monday, Apr 27, 2026 - 05:54 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਮਿਲੀ ਹੈ, ਜਿੱਥੋਂ ਦੇ ਰਾਮਗਾਓਂ ਇਲਾਕੇ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਰਿੰਕੂ ਜੈਸਵਾਲ (18), ਉੱਤਮ ਚੌਹਾਨ (19) ਅਤੇ ਅਜੇ ਚੌਹਾਨ (20) ਵਜੋਂ ਹੋਈ ਹੈ, ਜੋ ਕਿ ਕਾਫ਼ੀ ਚੰਗੇ ਦੋਸਤ ਸਨ। ਇਹ ਹਾਦਸਾ ਰਾਮਗਾਓਂ ਥਾਣਾ ਖੇਤਰ ਦੇ ਪਿੰਡ ਨੌਤਲਾ ਵਿੱਚ ਸਥਿਤ ਸ਼੍ਰੀਰਾਮ ਜਾਨਕੀ ਇੰਟਰ ਕਾਲਜ ਦੇ ਨੇੜੇ ਵਾਪਰਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਮੋਟਰਸਾਈਕਲ 'ਤੇ ਵਾਪਸ ਆਪਣੇ ਘਰ ਜਾ ਰਹੇ ਸਨ। ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ।
ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਸੋਮਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਹੁਣ ਹਾਦਸੇ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਟੱਕਰ ਮਾਰਨ ਵਾਲੇ ਵਾਹਨ ਅਤੇ ਉਸ ਦੇ ਚਾਲਕ ਦੀ ਪਛਾਣ ਕੀਤੀ ਜਾ ਸਕੇ। ਤਿੰਨ ਜਵਾਨ ਪੁੱਤਾਂ ਦੀ ਇਕੱਠਿਆਂ ਹੋਈ ਮੌਤ ਨਾਲ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
