ਭਿਆਨਕ ਸੜਕ ਹਾਦਸੇ ’ਚ ਟਰੈਕਟਰ ਚਾਲਕ ਦੀ ਮੌਤ
Thursday, Jun 18, 2026 - 03:56 PM (IST)
ਅਬੋਹਰ (ਸੁਨੀਲ) : ਅਬੋਹਰ-ਮਲੋਟ ਸੜਕ ’ਤੇ ਪਿੰਡ ਬਹਾਵਲਵਾਸੀ ਨੇੜੇ ਬੀਤੀ ਰਾਤ 11.15 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਟਰੈਕਟਰ-ਟਰਾਲੀ ਚਾਲਕ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਬਲ (ਐੱਸ. ਐੱਸ. ਐੱਫ.) ਦੀ ਟੀਮ ਅਤੇ ਸਦਰ ਪੁਲਸ ਸਟੇਸ਼ਨ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ। ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਅਤੇ ਐਂਬੂਲੈਂਸ ਟੀਮ ਦੀ ਮਦਦ ਨਾਲ ਲਾਸ਼ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ। ਸੜਕ ਸੁਰੱਖਿਆ ਬਲ ਦੇ ਸਹਾਇਕ ਸਬ-ਇੰਸਪੈਕਟਰ ਕ੍ਰਿਸ਼ਨ ਲਾਲ, ਮਨੀਸ਼ ਕੁਮਾਰ ਅਤੇ ਯੁਵਰਾਜ ਸਿੰਘ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਮਲੋਟ ਤੋਂ ਅਬੋਹਰ ਵੱਲ ਆ ਰਹੀ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਹੇਠਾਂ ਇਕ ਖੇਤ ’ਚ ਜਾ ਡਿੱਗੀ। ਹਾਦਸੇ ਦੌਰਾਨ ਟਰੈਕਟਰ ਚਾਲਕ ਸੜਕ ’ਤੇ ਡਿੱਗ ਪਿਆ ਅਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (ਪੁੱਤਰ ਚੰਦ ਸਿੰਘ, ਵਾਸੀ ਗਲੀ ਨੰਬਰ 2/3, ਅਗਰਵਾਲ ਕਾਲੋਨੀ, ਬਠਿੰਡਾ) ਵਜੋਂ ਹੋਈ ਹੈ। ਹਾਦਸੇ ਦੀ ਖਬਰ ਮਿਲਦਿਆਂ ਹੀ ਮ੍ਰਿਤਕ ਦਾ ਪਰਿਵਾਰ ਵੀ ਮੌਕੇ ’ਤੇ ਪਹੁੰਚ ਗਿਆ। ਪੁਲਸ ਵੱਲੋਂ ਇਸ ਮਾਮਲੇ ’ਚ ਅਗਲੀ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
