ਬਾਈਡੇਨ ਨੇ ਫੋਨ ਕਰ PM ਮੋਦੀ ਨੂੰ ਦਿੱਤੀ ਵਧਾਈ, ਅਮਰੀਕੀ NSA ਦੇ ਭਾਰਤ ਦੌਰੇ ਸਮੇਤ ਇਨ੍ਹਾਂ ਮੁੱਦਿਆਂ 'ਤੇ ਚਰਚਾ
Thursday, Jun 06, 2024 - 11:36 AM (IST)
ਇੰਟਰਨੈਸ਼ਨਲ ਡੈਸਕ- ਨਰਿੰਦਰ ਮੋਦੀ ਦੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਸਵੀਰ ਸਪੱਸ਼ਟ ਹੋ ਗਈ ਹੈ। ਨਵੀਂ ਕੇਂਦਰ ਸਰਕਾਰ ਦੋ ਦਿਨ ਬਾਅਦ (8 ਜੂਨ) ਬਣਨ ਜਾ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਨਰਿੰਦਰ ਮੋਦੀ ਨੂੰ ਫੋਨ 'ਤੇ ਜਿੱਤ ਦੀ ਵਧਾਈ ਜਿੱਤੀ ਹੈ। ਬਾਈਡੇਨ ਨੇ ਭਾਰਤ ਦੇ 65 ਕਰੋੜ ਲੋਕਾਂ ਦੀ ਵੀ ਤਾਰੀਫ ਕੀਤੀ ਹੈ, ਜਿਨ੍ਹਾਂ ਨੇ ਚੋਣਾਂ 'ਚ ਹਿੱਸਾ ਲਿਆ। ਇਸ ਦੌਰਾਨ ਅਮਰੀਕਾ ਨੇ ਆਪਣੇ ਇਕ ਅਧਿਕਾਰੀ ਨੂੰ ਇਸ ਨਵੀਂ ਸਰਕਾਰ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਸੌਂਪੀ ਹੈ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਜਲਦ ਹੀ ਭਾਰਤ ਦਾ ਦੌਰਾ ਕਰਨਗੇ, ਜਿੱਥੇ ਉਹ ਨਵੀਂ ਦਿੱਲੀ 'ਚ ਨਵੀਂ ਸਰਕਾਰ ਨਾਲ ਅਮਰੀਕਾ ਅਤੇ ਭਾਰਤ ਦੀਆਂ ਸਾਂਝੀਆਂ ਤਰਜੀਹਾਂ 'ਤੇ ਚਰਚਾ ਕਰਨਗੇ।
ਅਮਰੀਕੀ ਰਾਸ਼ਟਰਪਤੀ ਨੇ ਸਾਂਝੇ ਹਿੱਤਾਂ ਦੀ ਕੀਤੀ ਗੱਲ
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਦੋਵਾਂ ਨੇਤਾਵਾਂ ਨੇ ਅਮਰੀਕਾ ਅਤੇ ਭਾਰਤ ਵਿਚਾਲੇ ਵਿਸ਼ਵ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਸੁਤੰਤਰ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ 'ਤੇ ਵੀ ਜ਼ੋਰ ਦਿੱਤਾ। ਜੋਅ ਬਾਈਡੇਨ ਨੇ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਜਿੱਤ 'ਤੇ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਸੀ। ਰਾਸ਼ਟਰਪਤੀ ਬਾਈਡੇਨ ਨੇ ਕਿਹਾ, "ਇਸ ਇਤਿਹਾਸਕ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਨ.ਡੀ.ਏ ਅਤੇ 650 ਮਿਲੀਅਨ ਵੋਟਰਾਂ ਨੂੰ ਵਧਾਈ। ਦੋਵੇਂ ਦੇਸ਼ ਭਵਿੱਖ ਦੀਆਂ ਅਪਾਰ ਸੰਭਾਵਨਾਵਾਂ ਲਈ ਮਿਲ ਕੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੀ ਦੋਸਤੀ ਵੀ ਵਧ ਰਹੀ ਹੈ।"
ਸਹੁੰ ਚੁੱਕਣ ਤੋਂ ਬਾਅਦ ਹੋ ਸਕਦਾ ਹੈ ਦੌਰਾ
ਜੇਕ ਸੁਲੀਵਾਨ ਦੇ ਭਾਰਤ ਦੌਰੇ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਦੇ ਭਾਰਤ ਦੌਰੇ ਦੀਆਂ ਤਰੀਕਾਂ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਹ ਦੌਰਾ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੇ ਕੁਝ ਦਿਨਾਂ ਅੰਦਰ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਨਰਿੰਦਰ ਮੋਦੀ ਸ਼ਨੀਵਾਰ (8 ਜੂਨ) ਸ਼ਾਮ ਨੂੰ ਸਹੁੰ ਚੁੱਕਣ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰਕਾਨੂੰਨੀ ਸਰਹੱਦ ਪਾਰ ਕਰਨ 'ਤੇ ਲੱਗੇਗੀ ਰੋਕ, ਬਾਈਡੇਨ ਨੇ ਆਦੇਸ਼ 'ਤੇ ਕੀਤੇ ਦਸਤਖ਼ਤ
ਪੀ.ਐਮ ਮੋਦੀ ਨੇ ਦਿੱਤੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਬਾਈਡੇਨ ਦੀਆਂ ਵਧਾਈਆਂ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਮੇਰੇ ਦੋਸਤ ਰਾਸ਼ਟਰਪਤੀ ਜੋਅ ਬਾਈਡੇਨ ਦੀ ਫ਼ੋਨ ਕਾਲ ਤੋਂ ਖੁਸ਼ ਹਾਂ। ਮੈਂ ਭਾਰਤੀ ਲੋਕਤੰਤਰ ਲਈ ਉਨ੍ਹਾਂ ਦੀਆਂ ਵਧਾਈਆਂ ਅਤੇ ਉਨ੍ਹਾਂ ਦੀ ਸ਼ਲਾਘਾ ਦੀ ਬਹੁਤ ਕਦਰ ਕਰਦਾ ਹਾਂ।" ਉਨ੍ਹਾਂ ਅੱਗੇ ਕਿਹਾ, "ਭਾਰਤ-ਅਮਰੀਕਾ ਦੀ ਵਿਆਪਕ ਗਲੋਬਲ ਸਾਂਝੇਦਾਰੀ ਆਉਣ ਵਾਲੇ ਸਾਲਾਂ ਵਿੱਚ ਨਵੇਂ ਮੀਲ ਪੱਥਰਾਂ ਦੀ ਨਿਸ਼ਾਨਦੇਹੀ ਕਰੇਗੀ। ਸਾਡੀ ਸਾਂਝੇਦਾਰੀ ਮਨੁੱਖਤਾ ਦੇ ਭਲੇ ਅਤੇ ਵਿਸ਼ਵ ਭਲਾਈ ਲਈ ਇੱਕ ਤਾਕਤ ਬਣੇਗੀ।"
ਨੇਪਾਲ, ਭੂਟਾਨ ਅਤੇ ਸ਼੍ਰੀਲੰਕਾ ਤੋਂ ਵੀ ਮਿਲੀਆਂ ਵਧਾਈਆਂ
ਤੁਹਾਨੂੰ ਦੱਸ ਦੇਈਏ ਕਿ ਨਰਿੰਦਰ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਲਈ ਭੂਟਾਨ ਦੇ ਰਾਜਾ, ਸ਼੍ਰੀਲੰਕਾ ਦੇ ਰਾਸ਼ਟਰਪਤੀ, ਨੇਪਾਲ, ਬੰਗਲਾਦੇਸ਼ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਹੈ। ਦਰਅਸਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਤੋਂ ਲਗਾਤਾਰ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਰੂਸੀ ਰਾਸ਼ਟਰਪਤੀ ਪੁਤਿਨ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵੱਲੋਂ ਪ੍ਰਧਾਨ ਮੰਤਰੀ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਵੀ ਬੁੱਧਵਾਰ ਸ਼ਾਮ ਨੂੰ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦੀ ਚੋਣ ਜਿੱਤ 'ਤੇ ਵਧਾਈ ਦਿੱਤੀ। ਮੋਦੀ ਨੇ ਪ੍ਰਧਾਨ ਮੰਤਰੀ ਹਸੀਨਾ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।