ਭੂਟਾਨ ਨੂੰ 4500 ਕਰੋੜ ਰੁਪਏ ਦੀ ਮਦਦ ਦੇਵੇਗਾ ਭਾਰਤ

Friday, Dec 28, 2018 - 03:49 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨਾਲ ਵਿਆਪਕ ਵਾਰਤਾ ਤੋਂ ਬਾਅਦ ੁਨ੍ਹਾਂ ਦੀ 12ਵੀਂ ਪੰਜ ਸਾਲਾ ਯੋਜਨਾ ਲਈ 4500 ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦੀ ਸ਼ੁੱਕਰਵਾਰ ਨੂੰ ਐਲਾਨ ਕੀਤਾ। ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਭੂਟਾਨ ਨਾਲ ਹਾਈਡਰੋ ਪਾਵਰ 'ਤੇ ਸਹਿਯੋਗ ਦੋ-ਪੱਖੀ ਸੰਬੰਧਾਂ ਦਾ ਅਹਿਮ ਮਾਪ ਹੈ ਅਤੇ ਮਾਂਗੋਦਾਚੂ ਪ੍ਰਾਜੈਕਟ 'ਤੇ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਸ਼ੇਰਿੰਗ ਆਮ ਚੋਣਾਂ 'ਚ ਆਪਣੀ ਪਾਰਟੀ ਦੀ ਜਿੱਤ ਤੋਂ ਬਾਅਦ ਪਿਛਲੇ ਮਹੀਨੇ ਹਿਮਾਲਿਆ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਅਹੁਦਾ ਸੰਭਾਲਣ ਤੋਂ ਬਾਅਦ ਉਹ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਵੀਰਵਾਰ ਨੂੰ ਇੱਥੇ ਪੁੱਜੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਇਕ ਭਰੋਸੇਯੋਗ ਦੋਸਤ ਦੇ ਤੌਰ 'ਤੇ ਭੂਟਾਨ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਭੂਟਾਨ ਦੀ 12ਵੀਂ ਪੰਜ ਸਾਲਾ ਯੋਜਨਾ ਲਈ ਭਾਰਤ 4500 ਕਰੋੜ ਰੁਪਏ ਦੇਵੇਗਾ। ਸ਼ੇਰਿੰਗ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸੇ ਦੇਸ਼ ਦੇ ਪਹਿਲੇ ਰਾਸ਼ਟਰ ਪ੍ਰਧਾਨ ਸਨ, ਜਿਨ੍ਹਾਂ ਨੇ ਚੋਣਾਵੀ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਵਿਕਾਸਾਤਮਕ ਜ਼ਰੂਰਤਾਂ ਦਾ ਸਮਰਥਨ ਕਰਨ ਲਈ ਭਾਰਤ ਦਾ ਆਭਾਰ ਜ਼ਾਹਰ ਕੀਤਾ। ਭੂਟਾਨ ਦੀ ਨਵੀਂ ਪੰਜ ਸਾਲਾ ਯੋਜਨਾ ਇਸ ਸਾਲ ਸ਼ੁਰੂ ਹੋਵੇਗੀ ਅਤੇ 2022 ਤੱਕ ਚੱਲੇਗੀ। ਇਸ ਤੋਂ ਇਕ ਦਿਨ ਪਹਿਲਾਂ ਸ਼ੇਰਿੰਗ ਦਾ ਰਾਸ਼ਟਰਪਤੀ ਭਵਨ 'ਚ ਰਵਾਇਤੀ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸ਼ੁੱਕਰਵਾਰ ਦੀ ਸਵੇਰ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਸੁਸ਼ਮਾ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਸ਼ੇਰਿੰਗ ਨੂੰ ਵਧਾਈ ਦਿੱਤੀ ਅਤੇ ਦੋਹਾਂ ਨੇਤਾਵਾਂ ਦਰਮਿਆਨ ਵਿਚਾਰਾਂ ਦਾ ਗਰਮਜੋਸ਼ੀਪੂਰਨ ਆਦਾਨ-ਪ੍ਰਦਾਨ ਹੋਇਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਭੂਟਾਨ ਦੇ ਪ੍ਰਧਾਨ ਮੰਤਰੀ ਰਾਜਘਾਟ 'ਤੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਵੀ ਗਏ ਅਤੇ ਬਾਪੂ ਨੂੰ ਸ਼ਰਧਾਂਜਲੀ ਭੇਟ ਕੀਤੀ।


Related News