ਰੂਪਾਨੀ ਤੋਂ ਬਾਅਦ ਭੁਪਿੰਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

Sunday, Sep 12, 2021 - 04:53 PM (IST)

ਰੂਪਾਨੀ ਤੋਂ ਬਾਅਦ ਭੁਪਿੰਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

ਅਹਿਮਦਾਬਾਦ— ਭਾਜਪਾ ਪਾਰਟੀ ਦੇ ਵਿਧਾਇਕ ਭੁਪਿੰਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਹੋਣਗੇ। 55 ਸਾਲਾ ਪਟੇਲ ਨੂੰ ਸਾਰੀਆਂ ਦੀ ਸਹਿਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।  ਗਾਂਧੀਨਗਰ ਵਿਖੇ ਭਾਜਪਾ ਦਫਤਰ ’ਚ ਹੋਈ ਬੈਠਕ ’ਚ ਮੁੱਖ ਮੰਤਰੀ ਦੇ ਨਾਂ ’ਤੇ ਮੰਥਨ ਕੀਤਾ ਗਿਆ, ਜਿਸ ਤੋਂ ਬਾਅਦ ਭੁਪਿੰਦਰ ਦੇ ਨਾਂ ਦਾ ਐਲਾਨ ਕੀਤਾ ਗਿਆ। ਵਿਧਾਇਕ ਦਲ ਦੀ ਬੈਠਕ ਵਾਸਤੇ ਕੇਂਦਰੀ ਮੰਤਰੀ ਤੋਮਰ ਅਤੇ ਪ੍ਰਹਿਲਾਦ ਜੋਸ਼ੀ ਨੂੰ ਸੁਪਰਵਾਈਜ਼ਰ ਨਿਯੁਕਤ ਕੀਤਾ। ਬੈਠਕ ’ਚ ਮੰਥਨ ਮਗਰੋਂ ਤੋਮਰ ਨੇ ਭੁਪਿੰਦਰ ਦੇ ਨਾਂ ਦਾ ਐਲਾਨ ਕੀਤਾ। ਵਿਜੇ ਰੂਪਾਨੀ ਨੇ ਭੁਪਿੰਦਰ ਦੇ ਨਾਂ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਪਟੇਲ ਜ਼ਿੰਮੇਵਾਰੀ ਨਿਭਾਉਣ ’ਚ ਸਮਰੱਥ ਹਨ। 

PunjabKesari

ਦੱਸ ਦੇਈਏ ਕਿ ਭੁਪਿੰਦਰ ਘਾਟਲੋਡੀਆ ਸੀਟ ਤੋਂ ਵਿਧਾਇਕ ਹਨ। ਸਾਲ 2017 ’ਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਰੂਪਾਨੀ ਦੇ ਅਸਤੀਫ਼ੇ ਮਗਰੋਂ ਮੁੱਖ ਮੰਤਰੀ ਦੀ ਰੇਸ ’ਚ ਕਈ ਚਿਹਰੇ ਸਨ, ਜਿਨ੍ਹਾਂ ’ਚ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੂਪਾਲਾ, ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅਤੇ ਸੂਬੇ ਦੇ ਖੇਤੀਬਾੜੀ ਮੰਤਰੀ ਆਰਸੀ ਫਾਲਦੂ ਦੇ ਨਾਵਾਂ ਨੂੰ ਲੈ ਕੇੇ ਚਰਚਾ ਦੀਆਂ ਖ਼ਬਰਾਂ ਸਨ। 

PunjabKesari

ਦੱਸਣਯੋਗ ਹੈ ਕਿ ਬੀਤੇ ਕੱਲ੍ਹ ਵਿਜੇ ਰੂਪਾਨੀ ਨੇ ਮੁੱਖ ਮੰਤਰੀ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਗੁਜਰਾਤ ਦੇ ਰਾਜਪਾਲ ਨਾਲ ਮੁਲਾਕਾਤ ਕਰ ਆਪਣਾ ਅਸਤੀਫ਼ਾ ਸੌਂਪਿਆ ਸੀ। ਰੂਪਾਨੀ ਦੇ ਅਸਤੀਫ਼ੇ ਮਗਰੋਂ ਹੀ ਅਗਲੇ ਮੁੱਖ ਮੰਤਰੀ ਦੀ ਤਲਾਸ਼ ਸ਼ੁਰੂ ਹੋ ਗਈ ਸੀ। ਰੂਪਾਨੀ ਕੋਰੋਨਾ ਮਹਾਮਾਰੀ ਦੌਰਾਨ ਭਾਜਪਾ ਸ਼ਾਸਿਤ ਸੂਬਿਆਂ ’ਚ ਅਹੁਦਾ ਛੱਡਣ ਵਾਲੇ ਚੌਥੇ ਮੁੱਖ ਮੰਤਰੀ ਹਨ। ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਲਈ ਦਸੰਬਰ 2022 ’ਚ ਚੋਣਾਂ ਹੋਣੀਆਂ ਹਨ।


author

Tanu

Content Editor

Related News