ਭੀਮਾ-ਕੋਰੇਗਾਂਵ ਮਾਮਲਾ : ਮਨੁੱਖੀ ਅਧਿਕਾਰ ਵਰਕਰਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ
Thursday, Aug 30, 2018 - 12:12 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਸਬੰਧੀ ਗ੍ਰਿਫਤਾਰ 5 ਮਨੁੱਖੀ ਅਧਿਕਾਰ ਵਰਕਰਾਂ ਨੂੰ 6 ਸਤੰਬਰ ਤੱਕ ਘਰਾਂ ਵਿਚ ਹੀ ਨਜ਼ਰਬੰਦ ਰੱਖਣ ਦਾ ਬੁੱਧਵਾਰ ਹੁਕਮ ਦਿੱਤਾ। ਸੁਪਰੀਮ ਕੋਰਟ ਦੇ ਇਸ ਹੁਕਮ ਪਿੱਛੋਂ ਉਕਤ 5 ਮਨੁੱਖੀ ਅਧਿਕਾਰ ਵਰਕਰਾਂ ਨੂੰ ਜੇਲ ਨਹੀਂ ਭੇਜਿਆ ਜਾਏਗਾ ਅਤੇ ਉਹ ਪੁਲਸ ਦੀ ਨਿਗਰਾਨੀ ਵਿਚ ਘਰਾਂ ਵਿਚ ਹੀ ਬੰਦ ਰਹਿਣਗੇ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਧਨਜਯ ਵਾਈ. ਚੰਦਰਚੂੜ 'ਤੇ ਆਧਾਰਿਤ ਬੈਂਚ ਨੇ ਭੀਮਾ-ਕੋਰੇਗਾਂਵ ਘਟਨਾ ਤੋਂ ਲਗਭਗ 9 ਮਹੀਨਿਆਂ ਬਾਅਦ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ 'ਤੇ ਮਹਾਰਾਸ਼ਟਰ ਪੁਲਸ ਨੂੰ ਸਵਾਲ ਕੀਤੇ। ਅਦਾਲਤ ਨੇ ਗ੍ਰਿਫਤਾਰੀ ਵਿਰੁੱਧ ਇਤਿਹਾਸਕਾਰ ਰੋਮੀਲਾ ਥਾਪਰ ਅਤੇ ਹੋਰਨਾਂ ਦੀ ਪਟੀਸ਼ਨ 'ਤੇ ਮਹਾਰਾਸ਼ਟਰ ਸਰਕਾਰ ਅਤੇ ਸੂਬਾਈ ਪੁਲਸ ਨੂੰ ਨੋਟਿਸ ਜਾਰੀ ਕੀਤੇ।