ਭਾਰਤ ਜੋੜੋ ਯਾਤਰਾ, ਕਰਨਾਟਕ ’ਚ ਰਾਹੁਲ ਨੇ ਮੰਦਰ, ਮਸਜਿਦ ਅਤੇ ਚਰਚ ’ਚ ਕੀਤੀ ਪ੍ਰਾਰਥਨਾ (ਤਸਵੀਰਾਂ)
Monday, Oct 03, 2022 - 05:54 PM (IST)
ਮੈਸੂਰ- ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਤੋਂ ਸ਼ੁਰੂ ਹੋਣ ਮਗਰੋਂ ਕੇਰਲ ਹੁੰਦੇ ਹੋਏ ਕਰਨਾਟਕ ਪਹੁੰਚ ਗਈ ਹੈ। ਇਸ ਯਾਤਰਾ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ ਕਰ ਰਹੇ ਹਨ। ਸੋਮਵਾਰ ਨੂੰ ਯਾਤਰਾ ਕਰਨਾਟਕ ਦੇ ਮੈਸੂਰ ਪਹੁੰਚੀ। ਰਾਹੁਲ ਨੇ ਮੈਸੂਰ ’ਚ ਮੰਦਰ, ਮਸਜਿਦ ਅਤੇ ਇਕ ਚਰਚ ’ਚ ਪ੍ਰਾਰਥਨਾ ਕੀਤੀ।
ਰਾਹੁਲ ਗਾਂਧੀ ਸੂਬੇ ’ਚ ਯਾਤਰਾ ਦੇ ਤੀਜੇ ਦਿਨ ਸੋਮਵਾਰ ਚਾਮੁੰਡੀ ਪਹਾੜੀਆਂ ’ਤੇ ਸਥਿਤ ਚਾਮੁੰਡੇਸ਼ਵਰੀ ਮੰਦਰ ਗਏ ਅਤੇ ਪੂਜਾ ਕੀਤੀ। ਇੰਨਾ ਹੀ ਨਹੀਂ ਮੰਦਰ ’ਚ ਮੌਜੂਦ ਤਮਾਮ ਲੋਕਾਂ ਨੇ ਰਾਹੁਲ ਗਾਂਧੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਰਾਹੁਲ ਗਾਂਧੀ ਮੈਸੂਰ ’ਚ ਸੁਤੂਰ ਮੱਠ ਪਹੁੰਚੇ। ਇੱਥੇ ਉਨ੍ਹਾਂ ਨੇ ਸੰਤ ਸ਼੍ਰੀ ਸ਼ਿਵਰਾਤਰੀ ਦੇਸ਼ੀਕੇਂਦਰ ਸਵਾਮੀਜੀ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਮਸਜਿਦ-ਏ-ਆਜ਼ਮ ਅਤੇ ਸ਼ਹਿਰ ਦੇ ਸੇਂਟ ਫਿਲੋਮੇਨਾ ਕੈਥੇਡਰਲ ਦਾ ਵੀ ਦੌਰਾ ਕੀਤਾ। ਗਾਂਧੀ ਦੀ ਇਹ ਯਾਤਰਾ ਕਰਨਾਟਕ ਦੇ ਕੁਝ ਹਿੱਸਿਆਂ ’ਚ 21 ਦਿਨਾਂ ਤੱਕ ਚਲੇਗੀ ਅਤੇ 511 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 6 ਅਕਤੂਬਰ ਨੂੰ ਕਰਨਾਟਕ ’ਚ ਭਾਰਤ ਜੋੜੋ ਯਾਤਰਾ ’ਚ ਹਿੱਸਾ ਲਵੇਗੀ। ਸੋਨੀਆ ਗਾਂਧੀ ਪਹਿਲੀ ਵਾਰ ਇਸ ਯਾਤਰਾ ’ਚ ਹਿੱਸਾ ਲਵੇਗੀ, ਕਿਉਂਕਿ ਜਦੋਂ ਇਹ ਯਾਤਰਾ ਸ਼ੁਰੂ ਹੋਈ ਸੀ ਉਸ ਦੌਰਾਨ ਉਹ ਮੈਡੀਕਲ ਜਾਂਚ ਲਈ ਵਿਦੇਸ਼ ਗਈ ਹੋਈ ਸੀ।