ਕੜਾਕੇ ਦੀ ਠੰਡ 'ਚ ਕਰਨਾਲ ਤੋਂ ਕੁਰੂਕਸ਼ੇਤਰ ਵੱਲ ਵਧੀ ‘ਭਾਰਤ ਜੋੜੋ ਯਾਤਰਾ’, ਸੈਂਕੜੇ ਲੋਕ ਹੋਏ ਸ਼ਾਮਲ
Sunday, Jan 08, 2023 - 01:45 PM (IST)
ਕਰਨਾਲ- ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ‘ਭਾਰਤ ਜੋੜੋ ਯਾਤਰਾ’ ਕੜਾਕੇ ਦੀ ਠੰਡ ਅਤੇ ਧੁੰਦ ਦਰਮਿਆਨ ਕਰਨਾਲ ਦੇ ਨੀਲੋਖੇੜੀ ਇਲਾਕੇ ਦੇ ਡੋਡਵਾ ਤੋਂ ਐਤਵਾਰ ਸਵੇਰੇ ਮੁੜ ਸ਼ੁਰੂ ਹੋਈ। ਇਹ ਯਾਤਰਾ ਪਾਣੀਪਤ ਤੋਂ ਸ਼ਨੀਵਾਰ ਨੂੰ ਕਰਨਾਲ ਜ਼ਿਲ੍ਹੇ 'ਚ ਪਹੁੰਚੀ। ਕੜਾਕੇ ਦੀ ਠੰਡ ਅਤੇ ਧੁੰਦ ਦੇ ਬਾਵਜੂਦ ਕਰਨਾਲ 'ਚ ਸੈਂਕੜੇ ਲੋਕ ਯਾਤਰਾ ਵਿਚ ਸ਼ਾਮਲ ਹੋਏ।
ਕਰਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਗ੍ਰਹਿ ਚੋਣ ਖੇਤਰ ਵੀ ਹੈ। ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੁਰਜੇਵਾਲਾ ਅਤੇ ਕੁਮਾਰੀ ਸ਼ੈਲਜਾ ਨੇ ਇਸ ਯਾਤਰਾ ਵਿਚ ਸ਼ਮੂਲੀਅਤ ਕੀਤੀ। ਭਾਰਤ ਜੋੜੋ ਯਾਤਰਾ ਦੌਰਾਨ ਮੁੱਕੇਬਾਜ਼ ਸਵਿਤੀ ਬੂਰਾ ਅਤੇ ਹੋਰ ਐਥਲੀਟਾਂ ਵੀ ਸ਼ਾਮਲ ਹੋਏ। ਇਹ ਯਾਤਰਾ ਅੱਜ ਕੁਰੂਕਸ਼ੇਤਰ ਪਹੁੰਚੇਗੀ, ਜਿੱਥੇ ਰਾਹੁਲ ਗਾਂਧੀ ਪਵਿੱਤਰ ਬ੍ਰਹਮਾ ਸਰੋਵਰ ਖੇਤਰ 'ਚ ਸ਼ਾਮ ਨੂੰ 'ਆਰਤੀ' ਕਰਨਗੇ। ਹਰਿਆਣਾ 'ਚ 21 ਤੋਂ 23 ਦਸੰਬਰ ਤੱਕ ਯਾਤਰਾ ਦਾ ਪਹਿਲਾ ਪੜਾਅ 130 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਨੂਹ, ਗੁਰੂਗ੍ਰਾਮ ਅਤੇ ਫਰੀਦਾਬਾਦ ਜ਼ਿਲ੍ਹਿਆਂ ਵਿਚੋਂ ਲੰਘਿਆ। ਇਹ ਯਾਤਰਾ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਤੋਂ ਹਰਿਆਣਾ ਦੇ ਪਾਣੀਪਤ 'ਚ ਮੁੜ ਦਾਖਲ ਹੋਈ ਸੀ।
'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ 30 ਜਨਵਰੀ ਨੂੰ ਸ਼੍ਰੀਨਗਰ ਵਿਚ ਰਾਹੁਲ ਗਾਂਧੀ ਵਲੋਂ ਤਿਰੰਗਾ ਲਹਿਰਾਏ ਜਾਣ ਨਾਲ ਸਮਾਪਤ ਹੋਵੇਗੀ। ਇਹ ਪੈਦਲ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚੋਂ ਲੰਘ ਚੁੱਕੀ ਹੈ।