ਸਾਵਧਾਨ! ਜ਼ਿਪ ਫਾਈਲ ਬਣ ਸਕਦੀ ਹੈ ਬੈਂਕ ਖਾਤੇ ਲਈ ਖ਼ਤਰਾ
Thursday, Aug 06, 2026 - 05:07 PM (IST)
ਰੇਵਾੜੀ (ਅਸ਼ੋਕ ਵਧਵਾ)- ਰੇਵਾੜੀ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਹੇਮੇਂਦਰ ਕੁਮਾਰ ਮੀਣਾ ਨੇ ਨਾਗਰਿਕਾਂ ਨੂੰ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜਕਲ ਠੱਗਾਂ ਨੇ ਠੱਗੀ ਮਾਰਨ ਦਾ ਤਰੀਕਾ ਬਦਲ ਲਿਆ ਹੈ। ਉਹ ਅੱਜਕੱਲ ਜ਼ਿਪ ਫਾਈਲਾਂ ਰਾਹੀਂ ਠੱਗੀ ਮਾਰ ਰਹੇ ਹਨ।
ਉਹ ਅੱਜਕੱਲ ਨਕਲੀ ਬਿੱਲ, ਬੈਂਕ ਦਸਤਾਵੇਜ਼, ਸਰਕਾਰੀ ਨੋਟਿਸ, ਕੋਰੀਅਰ ਜਾਣਕਾਰੀ ਜਾਂ ਨੌਕਰੀ ਦੇ ਆਫਰ ਦੇ ਬਹਾਨੇ ਜ਼ਿਪ ਫਾਈਲਾਂ ਭੇਜ ਰਹੇ ਹਨ । ਇਨ੍ਹਾਂ ਜ਼ਿਪ ਫਾਈਲਾਂ ਵਿਚ ਵਾਇਰਸ ਜਾਂ ਮੈਲਵੇਅਰ ਹੁੰਦੇ ਹਨ। ਇਨ੍ਹਾਂ ਨੂੰ ਖੋਲ੍ਹਣ ਨਾਲ ਫੋਨ/ਕੰਪਿਊਟਰ ਹੈਕ ਹੋ ਸਕਦਾ ਹੈ ਅਤੇ ਤੁਹਾਡੇ ਪਾਸਵਰਡ, ਓ. ਟੀ. ਪੀ. ਅਤੇ ਬੈਂਕ ਖਾਤੇ ਦੀ ਜਾਣਕਾਰੀ ਚੋਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ’ਤੇ ਆਈਆਂ ਕੋਈ ਵੀ ਅਣਜਾਣ ਫਾਈਲਾਂ ਨਾ ਖੋਲ੍ਹੋ । ਅਣਜਾਣ ਨੰਬਰ, ਈ-ਮੇਲ ਜਾਂ ਵ੍ਹਟਸਐਪ ਤੋਂ ਆਈ ਕਿਸੇ ਵੀ ਜ਼ਿਪ ਫਾਈਲ ਨੂੰ ਡਾਊਨਲੋਡ ਨਾ ਕਰੋ।
ਜੇਕਰ ਜ਼ਿਪ ਫਾਈਲ ਅਨਜ਼ਿਪ ਕਰਨ ’ਤੇ ਅੰਦਰ .EXE ਜਾਂ .APK ਫਾਈਲ ਦਿਸੇ, ਤਾਂ ਉਸਨੂੰ ਬਿਲਕੁਲ ਇੰਸਟਾਲ ਨਾ ਕਰੋ ਅਤੇ ਉਸਨੂੰ ਤੁਰੰਤ ਡਿਲੀਟ ਕਰ ਦਿਓ। ਜੇਕਰ ਗਲਤੀ ਨਾਲ ਡਾਊਨਲੋਡ ਹੋ ਜਾਵੇ ਤਾਂ ਫਾਈਲ ਨੂੰ ਤੁਰੰਤ ਡਿਲੀਟ ਕਰ ਦਿਓ ਅਤੇ ਭੇਜਣ ਵਾਲੇ ਨੂੰ ਬਲਾਕ/ਰਿਪੋਰਟ ਕਰੋ।
ਉਨ੍ਹਾਂ ਕਿਹਾ ਕਿ ਉਸ ਨਾਲ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ । ਕਿਸੇ ਵੀ ਅਣਜਾਣ ਲਿੰਕ ਰਾਹੀਂ ਬੈਂਕ ਵੇਰਵੇ, ਓ. ਟੀ. ਪੀ. ਜਾਂ ਪਾਸਵਰਡ ਨਾ ਦਿਓ। ਸਾਈਬਰ ਠੱਗੀ ਹੋਣ ’ਤੇ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ 1930 ’ਤੇ ਕਾਲ ਕਰੋ ਜਾਂ cybercrime.gov.in ’ਤੇ ਸ਼ਿਕਾਇਤ ਦਰਜ ਕਰੋ।
