ਜਦੋਂ ਵਿਸ਼ਵਾਸ ਅੰਧਵਿਸ਼ਵਾਸ ਬਣ ਜਾਵੇ, ਉੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ : ਅੰਨੂ ਕਪੂਰ

Friday, Jul 24, 2026 - 09:25 AM (IST)

ਜਦੋਂ ਵਿਸ਼ਵਾਸ ਅੰਧਵਿਸ਼ਵਾਸ ਬਣ ਜਾਵੇ, ਉੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ : ਅੰਨੂ ਕਪੂਰ

ਮੁੰਬਈ- ਅੰਨੂ ਕਪੂਰ ਸਟਾਰਰ ਫ਼ਿਲਮ ‘ਉੱਤਰ ਦਿ ਪੁੱਤਰ’ 24 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਰਵਿੰਦਰ ਸਿਵਾਚ ਦੁਆਰਾ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ ਤੇ ਪ੍ਰੋਡਿਊਸਰ ਸੰਦੀਪ ਕਪੂਰ ਹਨ। ਅੰਨੂ ਕਪੂਰ ਤੋਂ ਇਲਾਵਾ ਫ਼ਿਲਮ ’ਚ ਪਵਨ ਮਲਹੋਤਰਾ, ਬ੍ਰਿਜੇਂਦਰ ਕਾਲਾ, ਰੁਖ਼ਸਾਰ ਰਹਿਮਾਨ ਤੇ ਇਸ਼ਤੇਯਾਕ ਖ਼ਾਨ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਸਾਇੰਸ ਤੇ ਵਾਸਤੂ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ਨੂੰ ਲੈ ਕੇ ਅੰਨੂ ਕਪੂਰ ਤੇ ਪ੍ਰੋਡਿਊਸਰ ਸੰਦੀਪ ਕਪੂਰ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਇਨਸਾਨ ਅੰਦਰ ਚੱਲ ਰਹੇ ਦਵੰਦ ਦੀ ਕਹਾਣੀ ਹੈ ਇਹ ਫ਼ਿਲਮ : ਅੰਨੂ ਕਪੂਰ

Q. ‘ਉੱਤਰ ਦਿ ਪੁੱਤਰ’ ’ਚ ਤੁਹਾਡਾ ਕਿਰਦਾਰ ਕੀ ਹੈ? ਇਹ ਅਸਲ ਜ਼ਿੰਦਗੀ ਦੇ ਅੰਨੂ ਕਪੂਰ ਨਾਲ ਕਿੰਨਾ ਮਿਲਦਾ-ਜੁਲਦਾ ਹੈ ਤੇ ਇਸ ਭੂਮਿਕਾ ’ਚ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ?

ਸਭ ਤੋਂ ਪਹਿਲਾਂ ਮੈਨੂੰ ਇਸ ਫ਼ਿਲਮ ਦੀ ਸਕ੍ਰਿਪਟ ਨੇ ਆਕਰਸ਼ਿਤ ਕੀਤਾ। ਇਸ ਦੀ ਕਹਾਣੀ ਤੇ ਥੀਮ ਬੇਹੱਦ ਸ਼ਾਨਦਾਰ ਹੈ। ਮੇਰਾ ਕਿਰਦਾਰ ਪੇਸ਼ੇ ਤੋਂ ਫ਼ਿਜ਼ਿਕਸ ਦੇ ਪ੍ਰੋਫ਼ੈਸਰ ਦਾ ਹੈ ਜੋ ਇਕ ਸਫ਼ਲ ਕੋਚਿੰਗ ਸੈਂਟਰ ਵੀ ਚਲਾਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਵਿਗਿਆਨ ਦਾ ਅਧਿਆਪਕ ਹੋਣ ਦੇ ਬਾਵਜੂਦ ਉਹ ਅਜਿਹੀਆਂ ਚੀਜ਼ਾਂ ’ਤੇ ਵਿਸ਼ਵਾਸ ਕਰਦਾ ਹੈ ਜਿਨ੍ਹਾਂ ਨੂੰ ਆਮ ਤੌਰ ’ਤੇ ਲੋਕ ਅੰਧਵਿਸ਼ਵਾਸ ਜਾਂ ਗ਼ੈਰ-ਵਿਗਿਆਨਕ ਮੰਨਦੇ ਹਨ।

ਇਸੇ ਵਿਸ਼ਵਾਸ ਕਾਰਨ ਉਸ ਦੇ ਜੀਵਨ ’ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਉਸ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੁੰਦਾ ਹੈ ਤੇ ਫਿਰ ਕਹਾਣੀ ਇਸ ਗੱਲ ਦੇ ਆਲੇ-ਦੁਆਲੇ ਘੁੰਮਦੀ ਹੈ ਕਿ ਉਹ ਇਨ੍ਹਾਂ ਹਾਲਾਤ ਤੋਂ ਕਿਵੇਂ ਬਾਹਰ ਨਿਕਲਦਾ ਹੈ। ਪੂਰੀ ਫ਼ਿਲਮ ਇਨਸਾਨ ਦੇ ਅੰਦਰ ਚੱਲ ਰਹੇ ਉਸ ਅੰਤਰ-ਦਵੰਦ ਨੂੰ ਦਿਖਾਉਂਦੀ ਹੈ, ਜਿੱਥੇ ਵਿਗਿਆਨ ਤੇ ਵਿਸ਼ਵਾਸ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆਉਂਦੇ ਹਨ।

Q. ਕੀ ਤੁਸੀਂ ਅਸਲ ਜੀਵਨ ’ਚ ਵਾਸਤੂ, ਨਿਊਮਰੋਲਾਜੀ ਤੇ ਜੋਤਿਸ਼ ਜਿਹੀਆਂ ਗੱਲਾਂ ’ਤੇ ਯਕੀਨ ਕਰਦੇ ਹੋ?

ਮੈਂ ਇਨ੍ਹਾਂ ਵਿਸ਼ਿਆਂ ਦਾ ਕੋਈ ਵੱਡਾ ਮਾਹਿਰ ਨਹੀਂ ਹਾਂ ਪਰ ਮੈਂ ਇਹਨਾਂ ਦਾ ਅਧਿਐਨ ਜ਼ਰੂਰ ਕੀਤਾ ਹੈ ਅਤੇ ਖ਼ੁਦ ਨੂੰ ਇਨ੍ਹਾਂ ਦਾ ਸ਼ੁਰੂਆਤੀ ਵਿਦਿਆਰਥੀ ਮੰਨਦਾ ਹਾਂ। ਮੇਰੇ ਵਿਚਾਰ ਨਾਲ ਵਾਸਤੂ, ਜੋਤਿਸ਼ ਅਤੇ ਨਿਊਮਰੋਲਾਜੀ ਨੂੰ ਸਿਰਫ ਅੰਧਵਿਸ਼ਵਾਸ ਕਹਿ ਕੇ ਰੱਦ ਕਰਨਾ ਵੀ ਸਹੀ ਨਹੀਂ ਹੈ ਅਤੇ ਬਿਨਾਂ ਸੋਚੇ-ਸਮਝੇ ਪੂਰੀ ਤਰ੍ਹਾਂ ਪ੍ਰਵਾਨ ਕਰਨਾ ਵੀ ਸਹੀ ਨਹੀਂ ਹੈ। ਅੱਜ ਟੈਕਨਾਲੋਜੀ ਤੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਇਹ ਵਿਸ਼ੇ ਪਹਿਲਾਂ ਦੀ ਤੁਲਨਾ ’ਚ ਜ਼ਿਆਦਾ ਲੋਕਾਂ ਤੱਕ ਪੁੱਜ ਰਹੇ ਹਨ। ਹਾਲਾਂਕਿ ਹਰ ਵਿਅਕਤੀ ਦਾ ਉਦੇਸ਼ ਲੋਕਾਂ ਨੂੰ ਠੱਗਣਾ ਨਹੀਂ ਹੁੰਦਾ, ਕਈ ਲੋਕ ਇਨ੍ਹਾਂ ਦਾ ਗੰਭੀਰ ਅਧਿਐਨ ਵੀ ਕਰਦੇ ਹਨ ਪਰ ਅਜੇ ਤੱਕ ਇੰਨਾ ਵਿਗਿਆਨਕ ਖੋਜ ਉਪਲਬਧ ਨਹੀਂ ਹੈ ਕਿ ਇਨ੍ਹਾਂ ਨੂੰ ਵਿਗਿਆਨ ਦੀ ਸ਼੍ਰੇਣੀ ’ਚ ਰੱਖਿਆ ਜਾ ਸਕੇ। ਵਿਗਿਆਨ ਉਨ੍ਹਾਂ ਗੱਲਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਪ੍ਰਯੋਗਾਂ ਜ਼ਰੀਏ ਸਿੱਧ ਕੀਤਾ ਜਾ ਸਕੇ। ਇਸ ਲਈ ਫ਼ਿਲਹਾਲ ਇਨ੍ਹਾਂ ਵਿਸ਼ਿਆਂ ਨੂੰ ਨਾ ਪੂਰੀ ਤਰ੍ਹਾਂ ਪ੍ਰਵਾਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਪੂਰੀ ਤਰ੍ਹਾਂ ਨਕਾਰਿਆ ਜਾ ਸਕਦਾ ਹੈ।

ਮੈਂ ਮਾਹਿਰ ਨਹੀਂ, ਇਨ੍ਹਾਂ ਵਿਸ਼ਿਆਂ ਦਾ ਇਕ ਵਿਦਿਆਰਥੀ ਹਾਂ।

Q. ਕੀ ਨਿਊਮਰੋਲਾਜੀ ਜਾਂ ਵਾਸਤੂ ਨੂੰ ਪੂਰੀ ਤਰ੍ਹਾਂ ਗ਼ਲਤ ਕਿਹਾ ਜਾ ਸਕਦਾ ਹੈ?

ਮੈਂ ਕਿਸੇ ਵੀ ਵਿਸ਼ੇ ਨੂੰ ਬਿਨਾਂ ਅਧਿਐਨ ਕੀਤੇ ਪੂਰੀ ਤਰ੍ਹਾਂ ਸਹੀ ਜਾਂ ਗ਼ਲਤ ਨਹੀਂ ਮੰਨਦਾ। ਮੇਰਾ ਮੰਨਣਾ ਹੈ ਕਿ ਜਿਸ ਵਿਸ਼ੇ ’ਤੇ ਹਾਲੇ ਤੱਕ ਲੋੜੀਂਦੀ ਵਿਗਿਆਨਕ ਖੋਜ ਉਪਲਬਧ ਨਹੀਂ ਹੈ, ਉਸ ਨੂੰ ਨਾ ਪੂਰੀ ਤਰ੍ਹਾਂ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਰੱਦ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ, ਜੇਕਰ ਕੋਈ ਕਹਿੰਦਾ ਹੈ ਕਿ ਰਸੋਈ ਕੋਲ ਪਖਾਨਾ ਨਹੀਂ ਹੋਣਾ ਚਾਹੀਦਾ ਤਾਂ ਇਸ ਦੇ ਪਿੱਛੇ ਸਿਰਫ ਵਾਸਤੂ ਹੀ ਨਹੀਂ ਹੈ ਸਗੋਂ ਸਫ਼ਾਈ ਅਤੇ ਸਿਹਤ ਨਾਲ ਜੁੜੀ ਵਿਵਹਾਰਕ ਵਜ੍ਹਾ ਵੀ ਹੋ ਸਕਦੀ ਹੈ।

ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਇਨ੍ਹਾਂ ਗੱਲਾਂ ਨੂੰ ਲੈ ਕੇ ਅੰਧਵਿਸ਼ਵਾਸ ਜਾਂ ਜਨੂੰਨ ਦੀ ਹੱਦ ਤੱਕ ਚਲਾ ਜਾਂਦਾ ਹੈ। ਸਾਡੀ ਫ਼ਿਲਮ ਵੀ ਇਸੇ ਮਾਨਸਿਕਤਾ ਨੂੰ ਦਿਖਾਉਂਦੀ ਹੈ। ਇਹ ਕਿਸੇ ਧਰਮ, ਜੋਤਿਸ਼ ਜਾਂ ਵਾਸਤੂ ਖ਼ਿਲਾਫ਼ ਨਹੀਂ, ਸਗੋਂ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਲੋੜ ਤੋਂ ਵੱਧ ਜਨੂੰਨੀ ਹੋ ਜਾਂਦਾ ਹੈ।

Q. ਕੀ ਤੁਹਾਨੂੰ ਅਸਲ ’ਚ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਹੈ?

ਮੈਂ ਫਿਰ ਇਹੀ ਕਹਾਂਗਾ ਕਿ ਮੈਂ ਖ਼ੁਦ ਨੂੰ ਇਸ ਵਿਸ਼ੇ ਦਾ ਬਹੁਤ ਵੱਡਾ ਜਾਣਕਾਰ ਨਹੀਂ ਮੰਨਦਾ। ਮੈਂ ਸਿਰਫ਼ ਇਕ ਵਿਦਿਆਰਥੀ ਹਾਂ ਤੇ ਮੈਂ ਇਨ੍ਹਾਂ ਵਿਸ਼ਿਆਂ ’ਤੇ ਕਾਫ਼ੀ ਪੜ੍ਹਾਈ ਕੀਤੀ ਹੈ।

Q. ਜੇਕਰ ਕਿਹਾ ਜਾਵੇ ਕਿ ਸਿਨੇਮਾ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਤੁਸੀਂ ਇਸ ਗੱਲ ਨਾਲ ਕਿੰਨੇ ਸਹਿਮਤ ਹੋ?

ਸਿਨੇਮਾ ਤੇ ਸਮਾਜ ਦੋਵੇਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਫ਼ਿਲਮਾਂ ਸਮਾਜ ਤੋਂ ਕਹਾਣੀਆਂ ਲੈਂਦੀਆਂ ਹਨ ਤੇ ਫਿਰ ਉਹੀ ਕਹਾਣੀਆਂ ਲੋਕਾਂ ਦੇ ਵਿਵਹਾਰ ਤੇ ਸੋਚ ’ਤੇ ਵੀ ਅਸਰ ਪਾਉਂਦੀਆਂ ਹਨ। ਜਿਵੇਂ ਕਿ ਪਹਿਲਾਂ ਵਿਆਹ ਦੇ ਪ੍ਰੋਗਰਾਮ ਘਰ-ਪਰਿਵਾਰ ਤੱਕ ਸੀਮਤ ਹੁੰਦੇ ਸਨ।

ਔਰਤਾਂ ਰਵਾਇਤੀ ਗੀਤ ਗਾਉਂਦੀਆਂ ਸਨ ਅਤੇ ਸਮਾਗਮ ਸਾਦਗੀ ਨਾਲ ਹੁੰਦੇ ਸਨ ਪਰ ਫ਼ਿਲਮਾਂ ਨੇ ਵਿਆਹ ਨੂੰ ਇਕ ਵੱਡੇ ਆਯੋਜਨ, ਗਲੈਮਰ ਤੇ ਡਾਂਸ ਨਾਲ ਜੋੜ ਦਿੱਤਾ।

ਮੈਂ ਹਮੇਸ਼ਾ ਸਟਾਰਡਮ ਨਹੀਂ, ਮਜ਼ਬੂਤ ਕਹਾਣੀ ਨੂੰ ਚੁਣਿਆ ਹੈ : ਸੰਦੀਪ ਕਪੂਰ

Q. ‘ਉੱਤਰ ਦਿ ਪੁੱਤਰ’ ਦੀ ਸਭ ਤੋਂ ਵੱਡੀ ਤਾਕਤ ਤੁਸੀਂ ਕਿਸ ਨੂੰ ਮੰਨਦੇ ਹੋ? ਕਹਾਣੀ, ਅਦਾਕਾਰ ਜਾਂ ਫਿਰ ਅਦਾਕਾਰਾਂ ਦੀ ਪ੍ਰਫਾਰਮੈਂਸ?

ਮੇਰੇ ਲਈ ਸਭ ਤੋਂ ਪਹਿਲਾਂ ਕਹਾਣੀ, ਫਿਰ ਉਸ ਨੂੰ ਜਿਊਂਦਾ ਬਣਾਉਣ ਵਾਲੇ ਅਦਾਕਾਰ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਪ੍ਰਫਾਰਮੈਂਸ ਸਭ ਤੋਂ ਅਹਿਮ ਹੁੰਦੀ ਹੈ। ਇਸ ਫ਼ਿਲਮ ’ਚ ਅੰਨੂ ਕਪੂਰ, ਪਵਨ ਮਲਹੋਤਰਾ, ਬ੍ਰਿਜੇਂਦਰ ਕਾਲਾ, ਰੁਖ਼ਸਾਰ ਤੇ ਨਿਤਿਨ ਰਾਵਲ ਜਿਹੇ ਬੇਹਤਰੀਨ ਅਦਾਕਾਰ ਹਨ, ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਮੈਂ ਹਮੇਸ਼ਾ ਸਟਾਰਡਮ ਦੀ ਬਜਾਏ ਮਜ਼ਬੂਤ ਕਹਾਣੀ ਤੇ ਦਮਦਾਰ ਅਦਾਕਾਰਾਂ ਨੂੰ ਪਹਿਲ ਦਿੱਤੀ ਹੈ। ‘ਜੁਗਾੜ’, ‘ਅਨਾਰਕਲੀ ਆਫ਼ ਆਰਾ’ ਤੇ ‘ਭੌਂਸਲੇ’ ਜਿਹੀਆਂ ਮੇਰੀਆਂ ਫ਼ਿਲਮਾਂ ’ਚ ਵੀ ਇਹੋ ਸੋਚ ਰਹੀ ਹੈ ਅਤੇ ‘ਭੌਂਸਲੇ’ ਲਈ ਮਨੋਜ ਬਾਜਪੇਈ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਹਾਲ ਹੀ ’ਚ ਸੀਨੀਅਰ ਐਡੀਟਰ ਬਿੰਨੀ ਪੱਡਾ ਤੇ ਰਵੀ ਪੱਡਾ ਨੇ ਮੈਨੂੰ ਕਿਹਾ ਕਿ ਜਿਸ ਫ਼ਿਲਮ ਦੀ ਸ਼ੁਰੂਆਤ ਹਾਂ-ਪੱਖੀ ਊਰਜਾ ਨਾਲ ਹੁੰਦੀ ਹੈ, ਉਹ ਅੰਤ ਤੱਕ ਉਹੀ ਊਰਜਾ ਬਣਾਏ ਰੱਖਦੀ ਹੈ। ਉਨ੍ਹਾਂ ਦੀ ਇਸ ਗੱਲ ਨੇ ਮੇਰਾ ਸਵੈ-ਵਿਸ਼ਵਾਸ ਹੋਰ ਵਧਾ ਦਿੱਤਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਫ਼ਿਲਮ ’ਚ ਮਜ਼ਬੂਤ ਕਹਾਣੀ, ਦਮਦਾਰ ਵਿਸ਼ਾ, ਸ਼ਾਨਦਾਰ ਅਦਾਕਾਰੀ ਤੇ ਪਾਰਿਵਾਰਕ ਮਨੋਰੰਜਨ ਜਿਹੀਆਂ ਇਕ ਚੰਗੀ ਫ਼ਿਲਮ ਦੀਆਂ ਸਾਰੀਆਂ ਜ਼ਰੂਰੀ ਖ਼ੂਬੀਆਂ ਮੌਜੂਦ ਹਨ।

Q. ਅੱਜ ਸੋਸ਼ਲ ਮੀਡੀਆ ’ਤੇ ਵਾਸਤੂ, ਜੋਤਿਸ਼ ਅਤੇ ਨਿਊਮਰੋਲਾਜੀ ਨਾਲ ਜੁੜੇ ਵੀਡੀਓ ਦਿਖਾਈ ਦਿੰਦੇ ਹਨ। ਕੀ ਇਹ ਸੱਚਮੁੱਚ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਫਿਰ ਇਹ ਸਿਰਫ਼ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ?

ਅੱਜ ਦੇ ਸਮੇਂ ’ਚ ਵਾਸਤੂ, ਜੋਤਿਸ਼ ਤੇ ਨਿਊਮਰੋਲਾਜੀ ਕਾਫ਼ੀ ਹੱਦ ਤੱਕ ਇਕ ਵੱਡੇ ਕਾਰੋਬਾਰ ਦਾ ਰੂਪ ਲੈ ਚੁੱਕੇ ਹਨ। ਪਹਿਲਾਂ ਵਾਸਤੂ ਮਾਹਿਰ ਸਿਰਫ਼ ਕੰਪਾਸ ਲੈ ਕੇ ਘਰ ਦੇਖਦੇ ਸਨ ਪਰ ਹੁਣ ਆਧੁਨਿਕ ਉਪਕਰਣਾਂ ਨਾਲ ਹਰ ਜਗ੍ਹਾ ਕੋਈ ਨਾ ਕੋਈ ਦੋਸ਼ ਕੱਢਣਾ ਆਮ ਗੱਲ ਹੋ ਗਈ ਹੈ। ਇਸੇ ਤਰ੍ਹਾਂ ਜੋਤਿਸ਼ ’ਚ ਵੀ ਕਈ ਵਾਰ ਲੋਕਾਂ ਦੇ ਡਰ ਤੇ ਅਸੁਰੱਖਿਆ ਦਾ ਫ਼ਾਇਦਾ ਚੁੱਕ ਕੇ ਹੱਲ ਵੇਚੇ ਜਾਂਦੇ ਹਨ। ਇਹੋ ਵਜ੍ਹਾ ਹੈ ਕਿ ਅੱਜ ‘ਵਾਸਤੂ ਫ਼੍ਰੈਂਡਲੀ’ ਜਿਹੇ ਦਾਅਵੇ ਵੀ ਬਾਜ਼ਾਰ ਦਾ ਹਿੱਸਾ ਬਣ ਚੁੱਕੇ ਹਨ। ਇਸੇ ਬਦਲਦੇ ਮਾਹੌਲ ਨੇ ਸਾਨੂੰ ਇਸ ਵਿਸ਼ੇ ’ਤੇ ਫ਼ਿਲਮ ਬਣਾਉਣ ਦੀ ਪ੍ਰੇਰਣਾ ਦਿੱਤੀ। ਹਾਲਾਂਕਿ ਸਾਡੀ ਫ਼ਿਲਮ ਦਾ ਉਦੇਸ਼ ਕਿਸੇ ਧਰਮ, ਜੋਤਸ਼ੀ, ਪੰਡਤ ਜਾਂ ਵਾਸਤੂ ਮਾਹਿਰ ਦਾ ਮਜ਼ਾਕ ਉਡਾਉਣਾ ਜਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਇਹ ਸਿਰਫ਼ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜੋ ਇਨ੍ਹਾਂ ਗੱਲਾਂ ਨੂੰ ਲੈ ਕੇ ਲੋੜ ਤੋਂ ਜ਼ਿਆਦਾ ਜਨੂੰਨੀ ਹੋ ਜਾਂਦਾ ਹੈ ਤੇ ਫ਼ਿਲਮ ਉਸੇ ਮਾਨਸਿਕਤਾ ਨੂੰ ਦਰਸਾਉਂਦੀ ਹੈ।


author

cherry

Content Editor

Related News