ਸੁਖੋਈ ਸਮੇਤ ਕਈ ਲੜਾਕੂ ਹਵਾਈ ਜਹਾਜ਼ਾਂ ਦੀ ਗਰਜ ਨਾਲ ਗੂੰਜਿਆ ਬੈਂਗਲੁਰੂ

Tuesday, Feb 11, 2025 - 05:05 AM (IST)

ਸੁਖੋਈ ਸਮੇਤ ਕਈ ਲੜਾਕੂ ਹਵਾਈ ਜਹਾਜ਼ਾਂ ਦੀ ਗਰਜ ਨਾਲ ਗੂੰਜਿਆ ਬੈਂਗਲੁਰੂ

ਬੈਂਗਲੁਰੂ - ਏਅਰੋ ਇੰਡੀਆ 2025 ਦਾ 15ਵਾਂ ਸਮਾਰੋਹ ਬੈਂਗਲੁਰੂ ਦੇ ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ  ਸੋਮਵਾਰ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਇਸ ਦੌਰਾਨ ਬੈਂਗਲੁਰੂ ਦਾ ਅਸਮਾਨ ਸੁਖੋਈ ਸਮੇਤ ਕਈ ਲੜਾਕੂ ਹਵਾਈ ਜਹਾਜ਼ਾਂ ਦੀ ਗਰਜ ਨਾਲ ਗੂੰਜ ਉੱਠਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਵਿਸ਼ਵ  ਪੱਧਰੀ ਗੈਰ-ਯਕੀਨੀ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਕ ਵੱਡੇ ਦੇਸ਼ ਵਜੋਂ ਭਾਰਤ ਹਮੇਸ਼ਾ ਸ਼ਾਂਤੀ ਤੇ ਸਥਿਰਤਾ ਦਾ ਹਮਾਇਤੀ  ਰਿਹਾ ਹੈ। ਸਾਡੇ ਲਈ ਭਾਰਤੀ ਸੁਰੱਖਿਆ ਜਾਂ ਭਾਰਤੀ ਸ਼ਾਂਤੀ ਅਲੱਗ-ਥਲੱਗ ਨਹੀਂ ਹਨ। ਸੁਰੱਖਿਆ, ਸਥਿਰਤਾ ਤੇ ਸ਼ਾਂਤੀ ਸਾਂਝੀਆਂ ਬਣਤਰਾਂ ਹਨ ਜੋ ਰਾਸ਼ਟਰੀ ਹੱਦਾਂ ਤੋਂ ਪਾਰ ਹਨ। ਵਿਦੇਸ਼ਾਂ ਤੋਂ ਸਾਡੇ ਦੋਸਤਾਂ  ਦੀ  ਇੰਥੇ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਭਾਈਵਾਲ ਇਕ ਗ੍ਰਹਿ, ਇਕ ਪਰਿਵਾਰ ਤੇ ਇਕ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਏਅਰੋ ਇੰਡੀਆ 2025 ਦੀ ਤੁਲਨਾ ਮਹਾਕੁੰਭ ​​ਨਾਲ ਕੀਤੀ  ਤੇ ਕਿਹਾ  ਕਿ ਇਸ ਸਮੇਂ ਭਾਰਤ ’ਚ ਮਹਾਕੁੰਭ ​​ਚੱਲ ਰਿਹਾ ਹੈ। ਮੈਨੂੰ ਵੀ ਸੰਗਮ ’ਚ ਡੁਬਕੀ ਲਾਉਣ ਦਾ ਮੌਕਾ ਮਿਲਿਆ। 

ਮੇਰਾ ਮੰਨਣਾ ਹੈ ਕਿ ਭਾਰਤ ’ਚ ਏਅਰੋ ਇੰਡੀਆ ਦੇ ਰੂਪ ’ਚ ਇਕ ਹੋਰ ਮਹਾਕੁੰਭ ​​ਸ਼ੁਰੂ ਹੋਇਆ ਹੈ। ਜਿੱਥੇ ਇਕ ਪਾਸੇ ਪ੍ਰਯਾਗਰਾਜ ਦਾ ਮਹਾਕੁੰਭ ​​ਆਤਮ-ਅਨੁਭਵ ਦਾ ਕੁੰਭ ਹੈ, ਉੱਥੇ ਦੂਜੇ ਪਾਸੇ ਏਅਰੋ ਇੰਡੀਆ ਦਾ ਇਹ ਮਹਾਕੁੰਭ ​​ਖੋਜ  ਤੇ ਸ਼ਕਤੀ ਦਾ ਕੁੰਭ ਹੈ। ਜਿੱਥੇ ਪ੍ਰਯਾਗਰਾਜ ਦਾ ਮਹਾਕੁੰਭ​​ ਸਾਡੀ ਅੰਦਰੂਨੀ ਤਾਕਤ ’ਤੇ ਕੇਂਦ੍ਰਿਤ ਹੈ, ਉੱਥੇ ਏਅਰੋ ਇੰਡੀਆ ਦਾ ਇਹ ਮਹਾਕੁੰਭ ​​ਬਾਹਰੀ ਤਾਕਤ ’ਤੇ ਕੇਂਦ੍ਰਿਤ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਪ੍ਰਯਾਗਰਾਜ ਦਾ ਮਹਾਕੁੰਭ ​​ਭਾਰਤ ਦੀ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਏਅਰੋ ਇੰਡੀਆ ਦਾ ਇਹ ਮਹਾਕੁੰਭ ​​ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਜਿੱਥੇ ਇਕ ਪਾਸੇ ਪ੍ਰੰਪਰਾ ਤੇ ਅਧਿਆਤਮਿਕਤਾ ਦਾ ਮਹਾਕੁੰਭ ​​ਚੱਲ ਰਿਹਾ ਹੈ, ਉੱਥੇ ਦੂਜੇ ਪਾਸੇ ਬਹਾਦਰੀ ਦਾ ਮਹਾਕੁੰਭ ​​ਚੱਲ ਰਿਹਾ ਹੈ। ਰਾਜਨਾਥ ਨੇ ਕਿਹਾ ਕਿ ਅੱਜ ਸਰਕਾਰੀ ਪ੍ਰਤੀਨਿਧੀ, ਉਦਯੋਗਪਤੀ, ਹਵਾਈ ਫੌਜ ਦੇ ਅਧਿਕਾਰੀ, ਵਿਗਿਆਨੀ, ਰੱਖਿਆ ਖੇਤਰ ਦੇ ਮਾਹਿਰ, ਸਟਾਰਟ-ਅੱਪ, ਅਕਾਦਮਿਕ ਤੇ ਪੂਰੀ ਦੁਨੀਆ ਦੇ ਹੋਰ ਬਹੁਤ ਸਾਰੇ  ਲੋਕ  ਏਅਰੋ ਇੰਡੀਆ ਦੇ ਪਲੇਟਫਾਰਮ ’ਤੇ ਇਕੱਠੇ ਹੋਏ ਹਨ।


author

Inder Prajapati

Content Editor

Related News