''ਚਿਹਰੇ ''ਤੇ ਪਿਸ਼ਾਬ...'', ਔਰਤ ਨੇ BJP ਵਿਧਾਇਕ ''ਤੇ ਲਾਏ ਜਬਰ ਜ਼ਿਨਾਹ ਦੇ ਦੋਸ਼
Wednesday, May 21, 2025 - 02:54 PM (IST)

ਬੈਂਗਲੁਰੂ- ਬੈਂਗਲੁਰੂ 'ਚ ਇਕ 40 ਸਾਲਾ ਸਮਾਜਿਕ ਕਾਰਕੁਨ ਔਰਤ ਨੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਗੈਂਗਰੇਪ ਦੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਜੂਨ 2023 ਵਿਚ ਵਾਪਰੀ। ਔਰਤ ਨੇ ਪੁਲਸ ਨੂੰ ਹੁਣ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਹਫ਼ਤੇ ਦਰਜ ਕੀਤੀ ਗਈ ਸ਼ਿਕਾਇਤ ਵਿਚ ਆਰ.ਆਰ. ਨਗਰ ਦੇ ਵਿਧਾਇਕ ਮੁਨੀਰਤਨ ਨਾਇਡੂ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਔਰਤ ਨੇ ਦੋਸ਼ ਲਾਇਆ ਕਿ ਉਸ ਸਮੂਹ ਨੇ ਉਸ ਦੇ ਮੋਢੇ 'ਤੇ ਨਸ਼ੀਲੇ ਪਦਾਰਥ ਦਾ ਇੰਜੈਕਸ਼ਨ ਲਾਉਣ ਮਗਰੋਂ ਜਬਰ ਜ਼ਿਨਾਹ ਕੀਤਾ। ਉਸ ਨੇ ਅੱਗੇ ਦਾਅਵਾ ਕੀਤਾ ਕਿ ਕਥਿਤ ਘਟਨਾ ਤੋਂ ਬਾਅਦ ਉਹ ਸਿਹਤ ਸੰਬੰਧੀ ਸਮੱਸਿਆ ਤੋਂ ਪੀੜਤ ਹੈ।
ਔਰਤ ਦੀ ਸ਼ਿਕਾਇਤ ਮੁਤਾਬਕ ਹਮਲੇ ਦੌਰਾਨ ਦੋਸ਼ੀਆਂ ਨੇ ਉਸ ਦੇ ਚਿਹਰੇ 'ਤੇ ਪਿਸ਼ਾਬ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਆਵਾਜ਼ ਚੁੱਕੀ ਜਾਂ ਵਿਰੋਧ ਕੀਤਾ ਤਾਂ ਉਸ ਦੇ ਪੁੱਤਰ ਦਾ ਕਤਲ ਕਰ ਦੇਣਗੇ। ਬਸ ਇੰਨਾ ਹੀ ਨਹੀਂ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਉਸ ਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਉਣਗੇ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ ਨੇ ਨਾਂ ਸਿਰਫ ਕਾਨੂੰਨੀ ਮੰਚਾਂ ਉੱਤੇ, ਸਗੋਂ ਸਿਆਸੀ ਹਲਕਿਆਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਮਾਮਲੇ ਦੀ ਨਿਰਪੱਖ ਜਾਂਚ ਅਤੇ ਨਿਆਂ ਦੀ ਮੰਗ ਤੇਜ਼ੀ ਨਾਲ ਉੱਠ ਰਹੀ ਹੈ।