ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ

Thursday, Mar 19, 2026 - 01:04 PM (IST)

ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ

ਬੀਜਿੰਗ: ਅੱਜ-ਕੱਲ੍ਹ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ, ਪਰ ਇਹੀ ਫੋਨ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਚੀਨ ਤੋਂ ਇਕ ਅਜਿਹੀ ਹੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਛੋਟੀ ਬੱਚੀ ਦਾ ਮੋਬਾਈਲ ਫੋਨ ਚਾਰਜਿੰਗ ਦੌਰਾਨ ਅਚਾਨਕ ਧਮਾਕੇ ਨਾਲ ਫਟ ਗਿਆ।

ਧਮਾਕੇ ਕਾਰਨ ਫਰਸ਼ 'ਤੇ ਜਾ ਡਿੱਗੀ ਬੱਚੀ 

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਇੱਕ ਸੋਫੇ 'ਤੇ ਬੈਠੀ ਸੀ ਅਤੇ ਉਸ ਦਾ ਫੋਨ ਚਾਰਜਿੰਗ 'ਤੇ ਲੱਗਾ ਹੋਇਆ ਸੀ। ਬਿਨਾਂ ਕਿਸੇ ਚੇਤਾਵਨੀ ਦੇ ਫੋਨ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ, ਜਿਸ ਕਾਰਨ ਬੱਚੀ ਉਛਲ ਕੇ ਫਰਸ਼ 'ਤੇ ਜਾ ਡਿੱਗਦੀ ਹੈ।ਡਰ ਦੇ ਮਾਰੇ ਬੱਚੀ ਚੀਕਾਂ ਮਾਰਦੀ ਹੋਈ ਤੁਰੰਤ ਉੱਥੋਂ ਦੂਰ ਹਟ ਜਾਂਦੀ ਹੈ। ਧਮਾਕੇ ਤੋਂ ਬਾਅਦ ਫੋਨ ਪੂਰੀ ਤਰ੍ਹਾਂ ਸੜ ਕੇ ਕਾਲਾ ਹੋਇਆ ਦਿਖਾਈ ਦੇ ਰਿਹਾ ਹੈ।
 

 

 
 
 
 
 
 
 
 
 
 
 
 
 
 
 
 

A post shared by Daily Jiddat Karachi (@dailyjiddat)

ਅਜਿਹੀਆਂ ਘਟਨਾਵਾਂ ਨੇ ਮੋਬਾਈਲ ਬੈਟਰੀਆਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਹਿਲਾਂ ਵੀ ਕਈ ਥਾਵਾਂ 'ਤੇ ਮੋਬਾਈਲ ਫ਼ੋਨ ਜਾਂ ਬੈਟਰੀ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਦਾਹਰਣ ਵਜੋਂ ਭਾਰਤ ਦੇ ਕੇਰਲਾ ਵਿੱਚ  8 ਸਾਲ ਦੀ ਕੁੜੀ ਦੀ ਮੌਤ ਹੋ ਗਈ ਅਤੇ ਉਸ ਦੇ ਹੱਥਾਂ ਵਿੱਚ ਮੋਬਾਈਲ ਫ਼ੋਨ ਫਟਣ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ, ਖਰਾਬ ਬੈਟਰੀ, ਨਕਲੀ ਚਾਰਜਰ, ਜਾਂ ਲੰਬੇ ਸਮੇਂ ਤੱਕ ਵਰਤੋਂ ਵੀ ਅਜਿਹੇ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ। ਇਸ ਵਾਇਰਲ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਅਤੇ ਬੱਚਿਆਂ ਨੂੰ ਮੋਬਾਈਲ ਫ਼ੋਨ ਦਿੰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।

 

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਤਾਈ ਚਿੰਤਾ 

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਕਈ ਯੂਜ਼ਰਸ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਇਹ ਬੱਚਿਆਂ ਲਈ ਬਹੁਤ ਖ਼ਤਰਨਾਕ ਹੈ। ਲੋਕ ਅਕਸਰ ਰਾਤ ਨੂੰ ਫੋਨ ਸਿਰਹਾਣੇ ਰੱਖ ਕੇ ਚਾਰਜ ਕਰਦੇ ਹਨ, ਜੋ ਕਿ ਬੇਹੱਦ ਜੋਖਮ ਭਰਿਆ ਹੋ ਸਕਦਾ ਹੈ। ਮਾਹਰਾਂ ਅਨੁਸਾਰ ਚਾਰਜਿੰਗ ਦੌਰਾਨ ਫੋਨ ਦੀ ਲਗਾਤਾਰ ਵਰਤੋਂ ਕਰਨ ਨਾਲ ਡਿਵਾਈਸ ਓਵਰਹੀਟ (ਬਹੁਤ ਜ਼ਿਆਦਾ ਗਰਮ) ਹੋ ਜਾਂਦੀ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।ਜਿੱਥੇ ਜ਼ਿਆਦਾਤਰ ਲੋਕ ਇਸ ਘਟਨਾ ਤੋਂ ਹੈਰਾਨ ਹਨ, ਉੱਥੇ ਹੀ ਕੁਝ ਯੂਜ਼ਰਸ ਨੇ ਇਸ ਵੀਡੀਓ ਦੀ ਸੱਚਾਈ 'ਤੇ ਸਵਾਲ ਵੀ ਚੁੱਕੇ ਹਨ।  ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ 'ਆਰਟੀਫੀਸ਼ੀਅਲ ਇੰਟੈਲੀਜੈਂਸ' (AI) ਰਾਹੀਂ ਬਣਾਈ ਗਈ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਕੁਝ ਤਕਨੀਕੀ ਖ਼ਾਮੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਇਸ ਵੀਡੀਓ ਦੀ ਅਜੇ ਤੱਕ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ:

ਹਮੇਸ਼ਾ ਚੰਗੀ ਕੁਆਲਿਟੀ ਦੇ ਅਸਲੀ ਚਾਰਜਰ ਦੀ ਵਰਤੋਂ ਕਰੋ।
ਫੋਨ ਨੂੰ ਚਾਰਜਿੰਗ ਦੌਰਾਨ ਵਰਤਣ ਤੋਂ ਗੁਰੇਜ਼ ਕਰੋ।
ਬੈਟਰੀ 'ਤੇ ਲਗਾਤਾਰ ਨਜ਼ਰ ਰੱਖੋ ਅਤੇ ਜੇਕਰ ਫੋਨ ਜ਼ਿਆਦਾ ਗਰਮ ਹੋ ਰਿਹਾ ਹੋਵੇ, ਤਾਂ ਤੁਰੰਤ ਚਾਰਜਿੰਗ ਬੰਦ ਕਰ ਦਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News