ਬੰਗਾਲੀ ਅਦਾਕਾਰਾ ਨੂੰ ‘ਡਿਜੀਟਲ ਅਰੈਸਟ’ ਕਰ ਲਾਇਆ 6.5 ਲੱਖ ਰੁਪਏ ਦਾ ਚੂਨਾ
Saturday, Oct 18, 2025 - 01:04 AM (IST)

ਮੁੰਬਈ - ਦਿੱਲੀ ਪੁਲਸ ਦੇ ਸਾਈਬਰ ਸੈੱਲ ਦੇ ਅਧਿਕਾਰੀ ਵਜੋਂ ਪੇਸ਼ ਹੋਏ ਇਕ ਧੋਖੇਬਾਜ਼ ਨੇ ਕਥਿਤ ਤੌਰ ’ਤੇ ਇਕ ਮਸ਼ਹੂਰ ਬੰਗਾਲੀ ਟੀ. ਵੀ. ਅਦਾਕਾਰਾ ਨੂੰ ‘ਡਿਜੀਟਲ ਅਰੈਸਟ’ ਕਰ ਕੇ 6.5 ਲੱਖ ਰੁਪਏ ਦਾ ਚੂਨਾ ਲਾ ਦਿੱਤਾ।
ਇਹ ਅਦਾਕਾਰਾ ਬੰਗਾਲੀ ਸੀਰੀਅਲਾਂ ਦੇ ਨਾਲ-ਨਾਲ ਕੁਝ ਹਿੰਦੀ ਸ਼ੋਅ ’ਚ ਵੀ ਨਜ਼ਰ ਆਈ ਹੈ। ਧੋਖੇਬਾਜ਼ ਨੇ ਉਸ ਨੂੰ ਲਗਭਗ 7 ਘੰਟਿਆਂ ਲਈ ‘ਡਿਜੀਟਲ ਅਰੈਸਟ’ ਹੇਠ ਰੱਖਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਆਈ. ਪੀ. ਸੀ. ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸ਼ੱਕੀਆਂ ਦੀ ਭਾਲ ਜਾਰੀ ਹੈ।
ਪੁਲਸ ਨੇ ਕਿਹਾ ਕਿ ਪੀੜਤਾ ਜੋ ਬਾਲੀਵੁੱਡ ’ਚ ਕਰੀਅਰ ਬਣਾਉਣ ਲਈ ਮੁੰਬਈ ’ਚ ਰਹਿ ਰਹੀ ਸੀ, ਨੂੰ ਪੁਲਸ ਦੀ ਵਰਦੀ ਪਾਈ ਇਕ ਵਿਅਕਤੀ ਦੀ ਵ੍ਹਟਸਐਪ ਵੀਡੀਓ ਕਾਲ ਆਈ। ਉਸ ਵਿਅਕਤੀ ਨੇ ਆਪਣੀ ਪਛਾਣ ਦਿੱਲੀ ਪੁਲਸ ਦੇ ਸਾਈਬਰ ਅਪਰਾਧ ਵਿਭਾਗ ਦੇ ਇਕ ਅਧਿਕਾਰੀ ਵਜੋਂ ਕਰਵਾਈ ਤੇ ਅਦਾਕਾਰਾ ਨੂੰ ਦੱਸਿਆ ਕਿ ਉਹ ਕਈ ਵਿੱਤੀ ਧੋਖਾਦੇਹੀਆਂ ’ਚ ਸ਼ਾਮਲ ਹੈ। ਉਸ ਦੇ ਪਾਸਪੋਰਟ ਤੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ।
ਉਸ ਨੇ ਅਦਾਕਾਰਾ ਨੂੰ ਸੁਪਰੀਮ ਕੋਰਟ ਦੇ ਨਕਲੀ ਦਸਤਾਵੇਜ਼ ਤੇ ਕਾਨੂੰਨੀ ਨੋਟਿਸ ਵੀ ਭੇਜੇ, ਜਿਸ ’ਚ ਉਸ ਨੂੰ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਇਸ ਨਾਲ ਉਸ ਦਾ ਡਰ ਹੋਰ ਵੀ ਵਧ ਗਿਆ।