ਪਾਕਿ ਲਈ ਜਾਸੂਸੀ ਕਰ ਰਿਹਾ ਬੀ. ਈ. ਐੱਲ. ਦਾ ਇੰਜੀਨੀਅਰ ਗ੍ਰਿਫਤਾਰ
Friday, Mar 21, 2025 - 08:41 PM (IST)

ਬੈਂਗਲੁਰੂ, (ਯੂ. ਐੱਨ. ਆਈ.)- ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ. ਐੱਲ.) ਦੇ ਇਕ ਸੀਨੀਅਰ ਇੰਜੀਨੀਅਰ ਨੂੰ ਕ੍ਰਿਪਟੋਕਰੰਸੀ ਭੁਗਤਾਨਾਂ ਦੇ ਬਦਲੇ ਪਾਕਿਸਤਾਨੀ ਸੰਚਾਲਕਾਂ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਕੇਂਦਰੀ, ਰਾਜ ਅਤੇ ਫੌਜੀ ਖੁਫੀਆ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਵਿਚ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀਪ ਰਾਜ ਚੰਦਰਾ ਬੀ. ਈ. ਐੱਲ. ਦੇ ਉਤਪਾਦ ਵਿਕਾਸ ਤੇ ਇਨੋਵੇਸ਼ਨ ਸੈਂਟਰ ’ਚ ਕੰਮ ਕਰਦਾ ਹੈ।
ਰੱਖਿਆ ਮੰਤਰਾਲਾ ਦੇ ਅਧੀਨ ਬੀ. ਈ. ਐੱਲ. ਪਬਲਿਕ ਸੈਕਟਰ ਅੰਡਰਟੇਕਿੰਗ (ਪੀ. ਐੱਸ. ਯੂ.) ਦੀ ਨਵਰਤਨ ਕੰਪਨੀ ਹੈ ਜੋ ਜ਼ਮੀਨ ਅਤੇ ਏਅਰੋਸਪੇਸ ਐਪਲੀਕੇਸ਼ਨਾਂ ਲਈ ਉੱਨਤ ਇਲੈਕਟ੍ਰਾਨਿਕ ਉਪਕਰਨਾਂ ਦਾ ਨਿਰਮਾਣ ਕਰਦੀ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਚੰਦਰਾ ਬੀ. ਈ. ਐੱਲ. ਵਿਖੇ ਸੰਚਾਰ ਪ੍ਰਣਾਲੀਆਂ, ਰਾਡਾਰ ਤਕਨਾਲੋਜੀਆਂ, ਉਤਪਾਦਨ ਤੰਤਰ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਸਬੰਧਤ ਜਾਣਕਾਰੀ ਪਾਕਿਸਤਾਨੀ ਸੰਚਾਲਕਾਂ ਨਾਲ ਸਾਂਝੀ ਕਰ ਰਿਹਾ ਸੀ।