‘ਗੋਲਡਨ ਟੈਂਪਲ ਐਕਸਪ੍ਰੈੱਸ’ ਟ੍ਰੇਨ ’ਚੋਂ 1,283 ਕਿਲੋ ਬੀਫ ਜ਼ਬਤ
Sunday, May 04, 2025 - 03:15 AM (IST)

ਵਡੋਦਰਾ (ਭਾਸ਼ਾ) - ਗੁਜਰਾਤ ਪੁਲਸ ਨੇ ਵਡੋਦਰਾ ਰੇਲਵੇ ਸਟੇਸ਼ਨ ’ਤੇ ਮੁੰਬਈ ਜਾਣ ਵਾਲੀ ‘ਗੋਲਡਨ ਟੈਂਪਲ ਐਕਸਪ੍ਰੈੱਸ’ ਟ੍ਰੇਨ ਦੀ ਪਾਰਸਲ ਵੈਨ ਵਿਚ ਲਿਜਾਇਆ ਜਾ ਰਿਹਾ 1,283 ਕਿਲੋਗ੍ਰਾਮ ਬੀਫ ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੱਛਮੀ ਰੇਲਵੇ, ਵਡੋਦਰਾ ਦੀ ਐੱਸ. ਪੀ. ਸਰੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਤੋਂ ਲਿਆਂਦੇ ਜਾ ਰਹੇ ਮਾਸ ਨਾਲ ਭਰੇ 16 ਪਾਰਸਲਾਂ ਨੂੰ ਟ੍ਰੇਨ ਤੋਂ ਜ਼ਬਤ ਕਰ ਲਿਆ ਗਿਆ ਅਤੇ ਫੋਰੈਂਸਿਕ ਪ੍ਰਯੋਗਸ਼ਾਲਾ ਵੱਲੋਂ ਮਾਸ ਨੂੰ ‘ਬੀਫ’ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਾਰਸਲ ਭੇਜਣ ਵਾਲੇ ਵਿਜੇ ਸਿੰਘ ਅਤੇ ਪ੍ਰਾਪਤਕਰਤਾ ਜਾਫਰ ਸ਼ਬੀਰ ਵਿਰੁੱਧ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ ਦੀਆਂ ਸਬੰਧਤ ਧਾਰਾਵਾਂ ਅਤੇ ਭਾਰਤੀ ਦੰਡ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 325 (ਜਾਨਵਰ ਨੂੰ ਮਾਰਨ, ਜ਼ਹਿਰ ਦੇਣ, ਅੰਗਭੰਗ ਕਰਨ ਜਾਂ ਉਸ ਨੂੰ ਬੇਕਾਰ ਕਰਨ ਦੇ ਅਪਰਾਧ ਨਾਲ ਨਜਿੱਠਣ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।