ਕੱਪੜਾ ਕਾਰੋਬਾਰੀ ਦਾ ਅਗਵਾ ਪੁੱਤਰ ਮੁਕਤ, ਦੋਵੇਂ ਹੱਥਾਂ ਨੂੰ ਬੰਨ੍ਹ ਕੇ ਰੱਖਿਆ, ਪੀਣ ਨੂੰ ਪਾਣੀ ਤਕ ਨਹੀਂ ਦਿੱਤਾ

Saturday, Apr 30, 2022 - 03:57 PM (IST)

ਕੱਪੜਾ ਕਾਰੋਬਾਰੀ ਦਾ ਅਗਵਾ ਪੁੱਤਰ ਮੁਕਤ, ਦੋਵੇਂ ਹੱਥਾਂ ਨੂੰ ਬੰਨ੍ਹ ਕੇ ਰੱਖਿਆ, ਪੀਣ ਨੂੰ ਪਾਣੀ ਤਕ ਨਹੀਂ ਦਿੱਤਾ

ਬਸਤੀ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ’ਚ ਹਫ਼ਤੇ ਪਹਿਲਾਂ ਅਗਵਾ ਕੱਪੜਾ ਵਪਾਰੀ ਦੇ 13 ਸਾਲਾ ਪੁੱਤਰ ਨੂੰ ਪੁਲਸ ਨੇ ਅਗਵਾਕਾਰਾਂ ਤੋਂ ਮੁਕਤ ਕਰਵਾ ਲਿਆ ਹੈ ਅਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੁਪਰਡੈਂਟ ਬਸਤੀ ਆਸ਼ੀਸ਼ ਸ਼੍ਰੀਵਾਸਤਵ ਨੇ ਸ਼ਨੀਵਾਰ ਨੂੰ ਦੱਸਿਆ ਕਿ 23 ਅਪ੍ਰੈਲ ਨੂੰ ਬਸਤੀ ਦੇ ਥਾਣਾ ਰੁਧੌਲੀ ਤੋਂ ਅਗਵਾ ਹੋਏ ਅਖੰਡ ਕਸੌਧਨ (13) ਨੂੰ ਬਸਤੀ ਪੁਲਸ ਅਤੇ STF ਦੀ ਟੀਮ ਨੇ ਸਹੀ ਸਲਾਮਤ ਬਰਾਮਦ ਕਰ ਲਿਆ ਹੈ ਅਤੇ ਦੋ ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਬਸਤੀ ਦੇ ਕੱਪੜਾ ਕਾਰੋਬਾਰੀ ਅਸ਼ੋਕ ਕੁਮਾਰ ਕਸੌਧਨ ਦੇ ਪੁੱਤਰ ਅਖੰਡ ਨੂੰ ਅਗਵਾਕਾਰਾਂ ਨੇ ਗੋਰਖਪੁਰ ਦੇ ਸਹਜਨਵਾ ’ਚ ਲੁੱਕੋ ਕੇ ਰੱਖਿਆ ਸੀ। ਅਖੰਡ ਦੀ ਬਰਾਮਦਗੀ ਲਈ ਸਰਗਰਮ ਟੀਮ ਨੇ ਸੂਚਨਾ ਦੇ ਆਧਾਰ ’ਤੇ ਉਸ ਨੂੰ ਬਰਾਮਦ ਕਰ ਲਿਆ। ਪੁਲਸ ਨੇ ਅਗਵਾਕਾਰਾਂ ਦੋ ਸਕੇ ਭਰਾਵਾਂ ਆਦਿੱਤਿਆ ਸਿੰਘ ਅਤੇ ਸੂਰਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਸੁਪਰਡੈਂਟ ਸ਼੍ਰੀਵਾਸਤਵ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਅਗਵਕਾਰਾਂ ਨੇ ਕਿਹਾ ਕਿ ਅਖੰਡ ਦੇ ਪਿਤਾ ਅਸ਼ੋਕ ਕੁਮਾਰ ਦੇ ਕਾਰੋਬਾਰ ’ਚ ਉਹ ਲੋਕ ਸਪਲਾਈ ਕਰਦੇ ਸਨ, ਜਿਸ ਕਾਰਨ ਉਹ ਬੱਚੇ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ। 23 ਅਪ੍ਰੈਲ ਨੂੰ ਅਖੰਡ ਨਾਲ ਅਗਵਾਕਾਰਾਂ ਨੇ ਇਹ ਬਹਾਨਾ ਬਣਾਇਆ ਕਿ ਉਨ੍ਹਾਂ ਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਹੈ, ਚੱਲ ਕੇ ਉਸ ਨੂੰ ਬਣਵਾ ਦੇਵੇ। ਇਸ ਲਈ ਉਹ ਬੱਚਾ ਉਨ੍ਹਾਂ ਦੀ ਬਾਈਕ ’ਤੇ ਬੈਠ ਗਿਆ ਅਤੇ ਇਸ ਦੇ ਬਾਅਦ ਉਸ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰਾਂ ਨੇ ਅਗਵਾ ਤੋਂ ਬਾਅਦ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

STF ਦੇ ਇੰਸਪੈਕਟਰ ਸੱਤਿਆਪ੍ਰਕਾਸ਼ ਸਿੰਘ, ਉਨ੍ਹਾਂ ਦੀ ਟੀਮ ਅਤੇ ਪੁਲਸ ਨੇ ਇਸ ਦੌਰਾਨ ਦੋ ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਅਗਵਾਕਾਰਾਂ ਦੀ ਪਛਾਣ ਗੋਰਖਪੁਰ ਦੇ ਪਾਲੀ ਵਾਸੀ ਸੂਰਜ ਸਿੰਘ ਅਤੇ ਆਦਿੱਤਿਆ ਸਿੰਘ ਦੇ ਰੂਪ ’ਚ ਹੋਈ ਹੈ। ਦੋਸ਼ੀਆਂ ਨੇ ਅਗਵਾ ਕੀਤੇ ਬੱਚੇ ਨੂੰ ਸਹਜਨਵਾ ਦੇ ਸ਼ਿਵਪੁਰੀ ਕਾਲੋਨੀ ’ਚ ਕਿਰਾਏ ਦੇ ਮਕਾਨ ’ਚ ਰੱਖਿਆ ਸੀ। ਉਸ ਦੇ ਮੂੰਹ ’ਚ ਕੱਪੜਾ ਪਾਇਆ ਸੀ। ਦੋਵੇਂ ਹੱਥ ਪਿੱਛੇ ਕਰ ਕੇ ਕੱਪੜੇ ਨਾਲ ਬੰਨ੍ਹ ਦਿੱਤੇ ਸਨ। ਉਸ ਤੋਂ ਬਾਅਦ ਕੁੱਟਮਾਰ ਵੀ ਕੀਤੀ ਗਈ ਸੀ ਅਤੇ ਉਸ ਨੂੰ ਪੀਣ ਲਈ ਪਾਣੀ ਤਕ ਨਹੀਂ ਦਿੱਤਾ। ਪੁਲਸ ਨੇ ਅਖੰਡ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। 


author

Tanu

Content Editor

Related News