ਬਰੇਲੀ ਹਿੰਸਾ ਮਾਮਲਾ : ਪੁਲਸ ਨਾਲ ਮੁਕਾਬਲੇ ਪਿੱਛੋਂ 2 ਅਪਰਾਧੀ ਗ੍ਰਿਫ਼ਤਾਰ
Wednesday, Oct 01, 2025 - 08:57 PM (IST)

ਬਰੇਲੀ (ਭਾਸ਼ਾ)- 26 ਸਤੰਬਰ ਨੂੰ ਬਰੇਲੀ ’ਚ ਹੋਈ ਹਿੰਸਾ ’ਚ ਕਥਿਤ ਰੂਪ ਨਾਲ ਸ਼ਾਮਲ ਇਦਰੀਸ ਤੇ ਇਕਬਾਲ ਨਾਮੀ 2 ਅਪਰਾਧੀਆਂ ਨੂੰ ਬੁੱਧਵਾਰ ਸੀ. ਬੀ. ਗੰਜ ਖੇਤਰ ’ਚ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਮੁਕਾਬਲੇ ਦੌਰਾਨ ਗੋਲੀ ਲੱਗੀ। ਉਹ ਇਸ ਵੇਲੇ ਹਸਪਤਾਲ ’ਚ ਇਲਾਜ ਅਧੀਨ ਹਨ।
ਸੀਨੀਅਰ ਪੁਲਸ ਸੁਪਰਡੈਂਟ ਅਨੁਰਾਗ ਆਰੀਆ ਅਨੁਸਾਰ ਦੋਵੇਂ ਮੁਲਜ਼ਮ ਸ਼ਾਹਜਹਾਂਪੁਰ ਜ਼ਿਲੇ ਦੇ ਵਸਨੀਕ ਹਨ। ਪਿਛਲੇ ਹਫ਼ਤੇ ਕੋਤਵਾਲੀ ਖੇਤਰ ’ਚ ਹੋਈ ਹਿੰਸਾ ’ਚ ਉਹ ਸ਼ਾਮਲ ਸਨ। ਮੁਲਜ਼ਮਾਂ ਕੋਲੋਂ ਇਕ ਸਰਕਾਰੀ ਬੰਦੂਕ, 2 ਗੈਰ-ਕਾਨੂੰਨੀ ਦੇਸੀ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਆਰੀਆ ਨੇ ਦੱਸਿਆ ਕਿ ਦੋਵੇਂ ਮੌਲਾਨਾ ਤੌਕੀਰ ਰਜ਼ਾ ਖਾਨ ਦੇ ਸਹਿਯੋਗੀ ਨਦੀਮ ਖਾਨ ਦੇ ਸੰਪਰਕ ’ਚ ਸਨ। 26 ਸਤੰਬਰ ਨੂੰ ਹੋਈ ਹਿੰਸਾ ’ਚ ਬਾਹਰੀ ਤੇ ਅਪਰਾਧਿਕ ਅਨਸਰ ਸ਼ਾਮਲ ਸਨ।
ਇਕ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਹੁਣ ਤੱਕ 72 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ 180 ਨਾਮਜ਼ਦ ਤੇ 3,000 ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।