ਰਲੇਵੇਂ ਦੇ ਵਿਰੋਧ 'ਚ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਾਲ ਪੂਰੇ ਕਰ ਲਓ ਜ਼ਰੂਰੀ ਕੰਮ

09/13/2019 11:23:12 AM

ਮੁੰਬਈ — ਬੈਂਕਾਂ ਦੇ ਰਲੇਵੇਂ ਦੇ ਖਿਲਾਫ ਹੁਣ ਬੈਂਕਿੰਗ ਸੈਕਟਰ ਦੀਆਂ ਟ੍ਰੇਡ ਯੂਨੀਅਨਾਂ ਨੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਚਾਰ ਟ੍ਰੇਡ ਯੂਨੀਅਨਾਂ ਦੇ ਸੰਗਠਨਾਂ ਨੇ 25 ਸਤੰਬਰ ਦੀ ਅੱਧੀ ਰਾਤ ਤੋਂ 27 ਸਤੰਬਰ ਦੀ ਰਾਤ ਤੱਕ ਹੜਤਾਲ ਬੁਲਾਈ ਹੈ। ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ ਇਸ ਮਹੀਨੇ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਜੇਕਰ ਕਰਮਚਾਰੀ ਹੜਤਾਲ 'ਤੇ ਜਾਂਦੇ ਹਨ ਤਾਂ ਬੈਂਕਾਂ ਦੇ ਕੰਮ-ਕਾਜ 'ਤੇ ਅਸਰ ਪਵੇਗਾ। ਇਸ ਲਈ ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਹੜਤਾਲ ਦੇ ਹਿਸਾਬ ਨਾਲ ਆਪਣੇ ਬੈਂਕ ਨਾਲ ਸਬੰਧਿਤ ਕੰਮ ਪੂਰੇ ਕਰ ਲੈਣ।

ਚਾਰ ਦਿਨ ਬੰਦ ਰਹਿਣਗੇ ਬੈਂਕ

ਜੇਕਰ ਬੈਂਕ ਕਰਮਚਾਰੀਆਂ ਦਾ ਇਹ ਫੈਸਲਾ ਜਾਰੀ ਰਹਿੰਦਾ ਹੈ ਤਾਂ ਇਸ ਹੜਤਾਲ ਨਾਲ ਬੈਂਕ ਚਾਰ ਦਿਨ ਬੰਦ ਰਹਿ ਸਕਦੇ ਹਨ। ਇਹ ਹੜਤਾਲ 26 ਸਤੰਬਰ ਨੂੰ ਵੀਰਵਾਰ ਹੈ ਅਤੇ 27 ਸਤੰਬਰ ਨੂੰ ਸ਼ੁੱਕਰਵਾਰ। ਇਹ ਦੋ ਦਿਨ ਹੜਤਾਲ ਕਾਰਨ ਬੈਂਕਾਂ 'ਚ ਕੰਮ ਨਹੀਂ ਹੋਵੇਗਾ। ਇਸ ਤੋਂ ਬਾਅਦ 28 ਸਤੰਬਰ ਨੂੰ ਚੌਥਾ ਸ਼ਨੀਵਾਰ ਹੈ ਅਤੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਬੈਂਕਾਂ 'ਚ ਛੁੱਟੀ ਹੁੰਦੀ ਹੈ। ਇਸ ਤੋਂ ਅਗਲੇ ਦਿਨ 29 ਸਤੰਬਰ ਨੂੰ ਐਤਵਾਰ ਕਾਰਨ ਛੁੱਟੀ ਹੋਵੇਗੀ। ਇਸ ਤਰ੍ਹਾਂ ਨਾਲ ਪੂਰੇ ਚਾਰ ਦਿਨਾਂ ਬਾਅਦ ਬੈਂਕ ਖੁੱਲਣਗੇ। All india bank officers’ confederation(AIBOC), All india bank officers association(AIBOA), indian national bank officers congress(INBOC) national organization of bank officers(NOBO) ਨੇ ਇਹ ਹੜਤਾਲ ਬੁਲਾਈ ਹੈ। 

ਵਿੱਤ ਮੰਤਰੀ ਸੀਤਾਰਮਣ ਨੇ 10 ਬੈਂਕਾਂ ਦੇ ਰਲੇਵੇਂ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਹੁਣੇ ਜਿਹੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਫੈਸਲੇ ਦੇ ਬਾਅਦ ਦੇਸ਼ 'ਚ ਸਰਕਾਰੀ ਬੈਂਕਾਂ ਦੀ ਮੌਜੂਦਾ ਸੰਖਿਆ 27 ਤੋਂ ਘੱਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ 'ਤੇ ਪੈ ਸਕਦਾ ਹੈ ਜਿਸ ਦਾ ਇਨ੍ਹਾਂ ਬੈਂਕਾਂ 'ਚ ਖਾਤਾ ਹੈ।

- ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੁਨਾਇਟਿਡ ਬੈਂਕ ਦੇ ਰਲੇਵੇਂ ਨਾਲ ਬਣਨ ਵਾਲੇ ਬੈਂਕ ਕੋਲ 17.95 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ ਅਤੇ ਇਸ ਦੀਆਂ 11,437 ਸ਼ਾਖਾਵਾਂ ਹੋਣਗੀਆਂ।

- ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਵੇਗਾ ਅਤੇ ਇਸ ਨਾਲ 15.20 ਲੱਖ ਕੋਰੜ ਰੁਪਏ ਦਾ ਕਾਰੋਬਾਰ ਹੋਵੇਗਾ। ਇਹ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣੇਗਾ।

- ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਹੋਵੇਗਾ ਰਲੇਵਾਂ। ਇਸ ਰਲੇਵੇਂ ਨਾਲ ਇਹ ਦੇਸ਼ ਦਾ 5ਵਾਂ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਵੇਗਾ ਜਿਸਦਾ ਕੁੱਲ ਕਾਰੋਬਾਰ 14.59 ਲੱਖ ਕਰੋੜ ਰੁਪਏ ਦਾ ਹੋਵੇਗਾ। 

- ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 8.08 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੇ ਨਾਲ ਜਨਤਕ ਖੇਤਰ ਦਾ 7ਵਾਂ ਵੱਡਾ ਬੈਂਕ ਬਣੇਗਾ।

- ਬੈਂਕ ਆਫ ਇੰਡੀਆ ਅਤੇ ਸੈਂਟਰਲ ਬੈਂਕ ਆਫ ਇੰਡੀਆ ਪਬਲਿਕ ਖੇਤਰ ਦੇ ਬੈਂਕ ਦੇ ਰੂਪ ’ਚ ਬਣੇ ਰਹਿਣਗੇ।


Related News