ਹਰਿਦੁਆਰ ''ਚ ਵੱਡੀ ਕਾਰਵਾਈ: ਜਾਅਲੀ ਦਸਤਾਵੇਜ਼ਾਂ ਨਾਲ ਰਹਿ ਰਹੀ ਬੰਗਲਾਦੇਸ਼ੀ ਔਰਤ ਗ੍ਰਿਫਤਾਰ
Thursday, Apr 09, 2026 - 02:21 PM (IST)
ਨੈਸ਼ਨਲ ਡੈਸਕ : ਉੱਤਰਾਖੰਡ ਦੇ ਹਰਿਦੁਆਰ ਵਿੱਚ ਪੁਲਸ ਨੇ 'ਆਪ੍ਰੇਸ਼ਨ ਪ੍ਰਹਾਰ' ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਬੰਗਲਾਦੇਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜਾਅਲੀ ਭਾਰਤੀ ਦਸਤਾਵੇਜ਼ਾਂ ਦੇ ਸਹਾਰੇ ਰਹਿ ਰਹੀ ਸੀ। ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਕੋਤਵਾਲੀ ਜਵਾਲਾਪੁਰ ਪੁਲਸ ਅਤੇ ਖੁਫੀਆ ਇਕਾਈ ਨੇ ਸਾਂਝੀ ਕਾਰਵਾਈ ਕਰਦਿਆਂ ਇਸ ਔਰਤ ਨੂੰ ਕਾਬੂ ਕੀਤਾ।
ਸੋਸ਼ਲ ਮੀਡੀਆ ਰਾਹੀਂ ਹੋਈ ਸੀ ਦੋਸਤੀ
ਪੁਲਸ ਅਨੁਸਾਰ ਬੁੱਧਵਾਰ ਨੂੰ ਚੈਕਿੰਗ ਦੌਰਾਨ ਵੈਸ਼ਨਵੀ ਐਨਕਲੇਵ ਨੇੜਿਓਂ ਇੱਕ ਸ਼ੱਕੀ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸਨੇ ਆਪਣਾ ਨਾਮ ਸਵੀਟੀ ਦੱਸਿਆ, ਪਰ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਦੀ ਅਸਲ ਪਛਾਣ ਸਹੇਲਾ ਬੇਗਮ, ਵਾਸੀ ਕੁਮੀਲਾ (ਬੰਗਲਾਦੇਸ਼) ਵਜੋਂ ਹੋਈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਔਰਤ ਸਾਲ 2023 ਵਿੱਚ ਸੋਸ਼ਲ ਮੀਡੀਆ ਰਾਹੀਂ ਸ਼ਿਆਮਦਾਸ ਨਾਮ ਦੇ ਵਿਅਕਤੀ ਦੇ ਸੰਪਰਕ ਵਿੱਚ ਆਈ ਅਤੇ ਭਾਰਤ ਪਹੁੰਚੀ ਸੀ। ਨਿਰਧਾਰਤ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਵੀ ਉਹ ਗੈਰ-ਕਾਨੂੰਨੀ ਤਰੀਕੇ ਨਾਲ ਪਹਿਲਾਂ ਦਿੱਲੀ ਅਤੇ ਫਿਰ ਹਰਿਦੁਆਰ ਵਿੱਚ ਰਹਿ ਰਹੀ ਸੀ।
ਬਣਾਏ ਸਨ ਸਾਰੇ ਭਾਰਤੀ ਜਾਅਲੀ ਦਸਤਾਵੇਜ਼
ਇਸ ਔਰਤ ਨੇ ਸ਼ਿਆਮਦਾਸ ਦੀ ਮਦਦ ਨਾਲ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਭਾਰਤੀ ਪਾਸਪੋਰਟ ਅਤੇ ਵਿਆਹ ਦਾ ਸਰਟੀਫਿਕੇਟ ਵਰਗੇ ਕਈ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਸਨ। ਪੁਲਿਸ ਨੇ ਉਸ ਕੋਲੋਂ ਅਸਲ ਬੰਗਲਾਦੇਸ਼ੀ ਪਾਸਪੋਰਟ ਅਤੇ ਨੈਸ਼ਨਲ ਆਈਡੀ ਕਾਰਡ ਵੀ ਬਰਾਮਦ ਕੀਤੇ ਹਨ।
ਮਦਦਗਾਰ ਵੀ ਚੜ੍ਹਿਆ ਪੁਲਸ ਅੜਿੱਕੇ
ਪੁਲਿਸ ਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾਉਣ ਵਿੱਚ ਮਦਦ ਕਰਨ ਵਾਲੇ ਛੱਤੀਸਗੜ੍ਹ ਦੇ ਰਹਿਣ ਵਾਲੇ ਸ਼ਿਆਮਦਾਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
