ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰਾਂ ਦੀ ਵੱਡੀ ਖੇਪ ਸਣੇ 5 ਗ੍ਰਿਫ਼ਤਾਰ

Sunday, Sep 13, 2026 - 07:28 PM (IST)

ਗੁਰਦਾਸਪੁਰ ਪੁਲਸ ਤੇ ਕੇਂਦਰੀ ਏਜੰਸੀ ਦੀ ਵੱਡੀ ਕਾਰਵਾਈ, ਸਰਹੱਦ ਪਾਰੋਂ ਹਥਿਆਰਾਂ ਦੀ ਵੱਡੀ ਖੇਪ ਸਣੇ 5 ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ, ਗੋਰਾਇਆ, ਵਿਨੋਦ)- ਗੁਰਦਾਸਪੁਰ ਪੁਲਸ ਨੇ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਸੰਗਠਿਤ ਅਪਰਾਧ ਅਤੇ ਸਰਹੱਦ ਪਾਰ ਹਥਿਆਰ ਤਸਕਰੀ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਪਿੱਛਾ ਕਰਕੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 6 ਪਿਸਤੌਲ ਅਤੇ .30 ਬੋਰ ਤੇ 9mm ਦੇ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੀ ਜਾਣਕਾਰੀ ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !

ਡੀ.ਜੀ.ਪੀ.  ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰ ਡਰੋਨ ਰਾਹੀਂ ਭੇਜੇ ਜਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਇੱਕ ਦਾ ਅਪਰਾਧਿਕ ਪਿਛੋਕੜ ਹੈ, ਜਿਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਨਾਲ ਸਬੰਧਤ 26 ਐੱਫ.ਆਈ.ਆਰ. ਦਰਜ ਹਨ। ਇਸ ਸੰਬੰਧੀ ਥਾਣਾ ਦੋਰੰਗਲਾ, ਗੁਰਦਾਸਪੁਰ ਵਿਖੇ  ਮੁਲਜ਼ਮਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਮਾਡਿਊਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੋੜੀਂਦੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ

PunjabKesari

 

 

 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਅਲੂਣਾ, ਕਰਨ ਕੁਮਾਰ ਵਾਸੀ ਭੌਂਪੁਰ ਅਫ਼ਗਾਨਾ, ਬਲਰਾਜ ਸਿੰਘ ਉਰਫ਼ ਬੂਰੀ ਵਾਸੀ ਬਸੰਤਕੋਟ, ਅਮਰੀਕ ਸਿੰਘ ਉਰਫ਼ ਸੋਨੂੰ ਵਾਸੀ ਜੋਰੀਆ ਕਲਾਂ, ਡੇਰਾ ਬਾਬਾ ਨਾਨਕ ਅਤੇ ਮਨਜਿੰਦਰ ਸਿੰਘ ਉਰਫ਼ ਮੰਗੂ ਵਾਸੀ ਉੱਪਲ, ਗੁਰਦਾਸਪੁਰ ਵਜੋਂ ਹੋਈ ਹੈ।

ਐੱਸਐੱਸਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀਆਂ ਪੁਲਸ ਟੀਮਾਂ ਵੱਲੋਂ ਪਿੰਡ ਨੂਰਪੁਰ ਥੇਹ ਦੇ ਚੌਕ ਵਿੱਚ ਇੱਕ ਮਹਿੰਦਰਾ ਸਕਾਰਪੀਓ ਗੱਡੀ ਨੂੰ ਦੇਖਿਆ ਗਿਆ। ਗੱਡੀ ਦੇ ਬਾਹਰ ਦੋ ਵਿਅਕਤੀ ਮੌਜੂਦ ਸਨ, ਜਦਕਿ ਤਿੰਨ ਵਿਅਕਤੀ ਗੱਡੀ ਦੇ ਅੰਦਰ ਬੈਠੇ ਹੋਏ ਸਨ। ਪੁਲਸ ਪਾਰਟੀ ਨੂੰ ਦੇਖਦਿਆਂ ਹੀ ਗੱਡੀ ਦੇ ਡਰਾਈਵਰ ਨੇ ਸਕਾਰਪੀਓ ਨੂੰ ਤੇਜ਼ੀ ਨਾਲ ਭਜਾ ਲਿਆ। ਪੁਲਸ ਨੇ ਮੌਕੇ ’ਤੇ ਮੌਜੂਦ ਦੋ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਬਾਅਦ ਗੱਡੀ ਦਾ ਪਿੱਛਾ ਕੀਤਾ ਅਤੇ ਥਾਣਾ ਕਲਾਨੌਰ ਦੇ ਖੇਤਰ ਵਿੱਚ ਹੌਟ ਚੇਜ਼ ਦੌਰਾਨ ਸਕਾਰਪੀਓ ਨੂੰ ਰੋਕ ਕੇ ਗੈਂਗਸਟਰ ਬਲਰਾਜ ਸਿੰਘ ਉਰਫ਼ ਬੂਰੀ ਬਸੰਤਕੋਟੀਆ ਸਮੇਤ ਉਸਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ।

ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੁੱਲ 6 ਪਿਸਤੌਲ, ਮੈਗਜ਼ੀਨ ਅਤੇ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਬਲਰਾਜ ਸਿੰਘ ਉਰਫ਼ ਬੂਰੀ ਬਸੰਤਕੋਟੀਆ ਇੱਕ ਨਾਮੀ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਐੱਨਡੀਪੀਐੱਸ ਐਕਟ ਨਾਲ ਸਬੰਧਤ ਮਾਮਲਿਆਂ ਸਮੇਤ ਕੁੱਲ 26 ਐੱਫਆਈਆਰ ਦਰਜ ਹਨ। ਇਸ ਸਬੰਧੀ ਥਾਣਾ ਦੋਰਾਂਗਲਾ ਵਿੱਚ ਐੱਫਆਈਆਰ ਨੰਬਰ 96 ਮਿਤੀ 13 ਸਤੰਬਰ 2026 ਨੂੰ ਆਰਮਜ਼ ਐਕਟ ਦੀਆਂ ਧਾਰਾਵਾਂ 25(8) ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News