ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਆਸਾਮ ਦੇ ਮੁੱਖ ਮੰਤਰੀ ਨੂੰ ਤੋਹਫ਼ੇ ’ਚ ਭੇਜੇ ਅੰਬ

07/02/2022 11:42:13 AM

ਗੁਹਾਟੀ– ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਆਪਣੇ ਦੇਸ਼ ਦੇ ਮਸ਼ਹੂਰ ‘ਆਮਰਪਾਲੀ’ ਅੰਬ ਤੋਹਫ਼ੇ ’ਚ ਭੇਜੇ ਹਨ। ਗੁਹਾਟੀ ’ਚ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨਰ ਸ਼ਾਹ ਮੁਹੰਮਦ ਤਨਵੀਰ ਮੰਸੂਰ ਨੇ ਸ਼ੁੱਕਰਵਾਰ ਰਾਤ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸਮੀਰ ਸਿਨਹਾ ਨੂੰ ਇਹ ਤੋਹਫ਼ਾ ਸੌਂਪਿਆ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਸੂਬੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਲਈ ਤੋਹਫ਼ੇ ਦੇ ਰੂਪ ’ਚ 200 ਕਿਲੋਗ੍ਰਾਮ ਅੰਬ ਆਸਾਮ ਭੇਜੇ ਹਨ। 

PunjabKesari

ਮੰਸੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਹਨ। ਇਸ ਕੋਸ਼ਿਸ਼ ’ਚ ਆਸਾਮ ਦੇ ਮੁੱਖ ਮੰਤਰੀ ਨੇ ਵੀ ਖ਼ਾਸ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬਿਹਤਰੀਨ ਗੁਣਵੱਤਾ ਵਾਲੇ ਅੰਬ ਹਨ ਅਤੇ ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਇਨ੍ਹਾਂ ਨੂੰ ਗੁਆਂਢੀ ਦੇਸ਼ਾਂ ਨਾਲ ਵੰਡਿਆ ਜਾਵੇ। ਮੰਸੂਰ ਨੇ ਕਿਹਾ ਕਿ ਸ਼ੇਖ ਹਸੀਨਾ ਨੇ ਆਸਾਮ ਦੇ ਮੁੱਖ ਮੰਤਰੀ ਅਤੇ ਹੋਰਨਾਂ ਲਈ ਬਿਹਤਰੀਨ ਗੁਣਵੱਤਾ ਵਾਲੇ ਅੰਬ ਭੇਜੇ ਹਨ। ਬੰਗਲਾਦੇਸ਼ ਦਾ ਇਹ ਤੋਹਫ਼ਾ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਏਗਾ। 

ਓਧਰ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸਮੀਰ ਸਿਨਹਾ ਨੇ ਇਹ ਤੋਹਫ਼ਾ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਆਸਾਮ ਦੇ ਲੋਕਾਂ ਵਲੋਂ ਸ਼ੇਖ ਹਸੀਨਾ ਦਾ ਧੰਨਵਾਦ ਕਰਦੇ ਹਨ। ਦੱਸ ਦੇਈਏ ਕਿ ਹਸੀਨਾ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਲੋਕਾਂ ਨੂੰ ਤੋਹਫ਼ੇ ’ਚ ਅੰਬ ਭੇਜੇ ਸਨ। ਬੰਗਲਾਦੇਸ਼ ਵਿਦੇਸ਼ ਨੀਤੀ ਦੇ ਮਾਹਰਾਂ ਨੇ ਇਸ ਨੂੰ ‘'ਮੈਂਗੋ-ਹਿਲਸਾ ਕੂਟਨੀਤੀ' ਕਰਾਰ ਦਿੱਤਾ ਹੈ।


Tanu

Content Editor

Related News