1 ਫ਼ਰਵਰੀ ਨੂੰ PM ਮੋਦੀ ਕਰਨਗੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ

Wednesday, Jan 28, 2026 - 08:09 PM (IST)

1 ਫ਼ਰਵਰੀ ਨੂੰ PM ਮੋਦੀ ਕਰਨਗੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ

ਹਲਵਾਰਾ (ਲਾਡੀ) : ਪੰਜਾਬ ਅਤੇ ਖ਼ਾਸ ਕਰਕੇ ਮਾਲਵਾ ਖੇਤਰ ਲਈ ਇਕ ਇਤਿਹਾਸਕ ਪਲ ਉਸ ਵੇਲੇ ਦਰਜ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫ਼ਰਵਰੀ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ। ਕਈ ਸਾਲਾਂ ਤੋਂ ਉਡੀਕ ਰਹੇ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਸਿੱਧਾ ਹਵਾਈ ਲਾਭ ਮਿਲਣ ਦੀ ਉਮੀਦ ਹੈ।

PunjabKesari

ਸਾਲ 2019 ਵਿੱਚ ਸ਼ੁਰੂ ਹੋਏ ਇਸ ਹਵਾਈ ਅੱਡੇ ਦੇ ਸਿਵਲ ਟਰਮੀਨਲ ਅਤੇ ਹੋਰ ਸੰਬੰਧਤ ਇਮਾਰਤਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ। ਹਲਵਾਰਾ ਹਵਾਈ ਅੱਡੇ ਦੇ ਸੀਈਓ ਜਗੀਰ ਸਿੰਘ ਨੇ ਦੱਸਿਆ ਕਿ ਉਦਘਾਟਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਟੀਮ ਵੱਲੋਂ ਹਵਾਈ ਅੱਡੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਤਿਆਰੀਆਂ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਤਾਂ ਜੋ ਸਮਾਰੋਹ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ।

PunjabKesari

ਗੌਰਤਲਬ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦਾ ਉਦਘਾਟਨ ਪਹਿਲਾਂ ਜੁਲਾਈ 2025 ਵਿੱਚ ਹੋਣਾ ਸੀ, ਪਰ ਕਾਰਨਾਂ ਕਰਕੇ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਪ੍ਰੋਜੈਕਟ ਦੇ ਹਕੀਕਤ ਬਣਨ ਨਾਲ ਹਵਾਈ ਯਾਤਰਾ ਦੇ ਨਵੇਂ ਦ੍ਰਿਸ਼ ਖੁਲਣ ਜਾ ਰਹੇ ਹਨ। ਹਵਾਈ ਸੇਵਾਵਾਂ ਦੇ ਮਾਮਲੇ ਵਿੱਚ, ਏਅਰ ਇੰਡੀਆ ਵਿਸਤਾਰਾ ਵੱਲੋਂ ਪਹਿਲੇ ਪੜਾਅ ਵਿੱਚ ਹਲਵਾਰਾ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ਲਈ ਉਡਾਣਾਂ ਚਲਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਗਿਆ ਹੈ। ਭਾਵੇਂ ਹਵਾਈ ਅੱਡੇ ਨੂੰ “ਅੰਤਰਰਾਸ਼ਟਰੀ” ਦਰਜਾ ਮਿਲ ਚੁੱਕਾ ਹੈ, ਪਰ ਸ਼ੁਰੂਆਤੀ ਦੌਰ ਵਿੱਚ ਇੱਥੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਵੇਗੀ, ਜਿਸ ਤੋਂ ਬਾਅਦ ਅਗਲੇ ਪੜਾਵਾਂ ਵਿੱਚ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਯੋਜਨਾ ਹੈ।

PunjabKesari

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਲਈ ਰਣਨੀਤਕ ਅਤੇ ਆਰਥਿਕ ਪੱਖੋਂ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਹਵਾਈ ਅੱਡਾ ਲੁਧਿਆਣਾ ਅਤੇ ਨੇੜਲੇ ਜ਼ਿਲ੍ਹਿਆਂ ਦੇ ਉਦਯੋਗਿਕ ਖੇਤਰਾਂ ਲਈ ਇਕ ਪ੍ਰਮੁੱਖ ਹਵਾਬਾਜ਼ੀ ਕੇਂਦਰ ਵਜੋਂ ਉਭਰੇਗਾ, ਜਿਸ ਨਾਲ ਨਿਵੇਸ਼, ਰੁਜ਼ਗਾਰ ਅਤੇ ਵਪਾਰਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News