ਓਡੀਸ਼ਾ : ਜਗਨਨਾਥ ਮੰਦਰ ਅੰਦਰ ਪਾਨ ਤੇ ਤੰਬਾਕੂ ਖਾਣ ''ਤੇ ਪਾਬੰਦੀ
Tuesday, Jul 30, 2019 - 03:58 PM (IST)
ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਦੇ ਪੁਰੀ ਵਿਚ ਸਥਿਤ ਜਗਨਨਾਥ ਮੰਦਰ ਦੇ ਅੰਦਰ ਪਾਨ ਅਤੇ ਤੰਬਾਕੂ ਖਾਣ 'ਤੇ ਵੀਰਵਾਰ ਤੋਂ ਪਾਬੰਦੀ ਲੱਗ ਜਾਵੇਗੀ। ਇਸ ਪਾਬੰਦੀ ਦਾ ਉਲੰਘਣ ਕਰਨ ਵਾਲਿਆਂ 'ਤੇ 500 ਰੁਪਏ ਜੁਰਮਾਨਾ ਲਾਇਆ ਜਾਵੇਗਾ। ਮੰਦਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਫੈਸਲਾ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ. ਜੇ. ਟੀ. ਏ.) ਦੀ ਇਕ ਬੈਠਕ ਦੌਰਾਨ ਸੋਮਵਾਰ ਨੂੰ ਲਿਆ ਗਿਆ। ਇਸ ਦਾ ਮਕਸਦ 12ਵੀਂ ਸਦੀ ਵਿਚ ਬਣੇ ਇਸ ਮੰਦਰ ਨੂੰ ਸਾਫ-ਸੁਥਰਾ ਰੱਖਣਾ ਹੈ।
ਐੱਸ. ਜੇ. ਟੀ. ਏ. ਦੇ ਮੁੱਖ ਪ੍ਰਬੰਧਕ ਪੀ. ਕੇ. ਮਹਾਪਾਤਰ ਨੇ ਦੱਸਿਆ, ''ਜੇਕਰ ਕੋਈ ਸ਼ਰਧਾਲੂ ਜਾਂ ਮੰਦਰ ਦਾ ਕਰਮਚਾਰੀ ਤੰਬਾਕੂ ਚਬਾਉਂਦੇ ਜਾਂ ਪਾਨ ਖਾਂਦੇ ਹੋਏ ਦੇਖਦੇ ਗਏ ਤਾਂ ਉਨ੍ਹਾਂ ਦੇ ਮੰਦਰ ਕੰਪਲੈਕਸ ਅੰਦਰ ਐਂਟਰੀ 'ਤੇ ਪਾਬੰਦੀ ਲੱਗਾ ਦਿੱਤੀ ਜਾਵੇਗੀ ਅਤੇ ਉਨ੍ਹਾਂ 'ਤੇ 500 ਰੁਪਏ ਦਾ ਜੁਰਮਾਨਾ ਵੀ ਲਾਇਆ ਜਾਵੇਗਾ।'' ਐੱਸ. ਜੇ. ਟੀ. ਏ. ਮੰਦਰ ਦੇ ਆਲੇ-ਦੁਆਲੇ ਬੋਰਡ ਲਗਵਾਏਗਾ ਅਤੇ ਇਸ ਨਵੇਂ ਨਿਯਮ ਦੇ ਸੰਬੰਧ ਵਿਚ ਲੋਕਾਂ ਦਰਮਿਆਨ ਜਾਗਰੂਕਤਾ ਫੈਲਾਏਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮੰਦਰ ਦੇ ਦੁਆਰ (ਗੇਟ) 'ਤੇ ਤਾਇਨਾਤ ਗਾਰਡ ਸ਼ਰਧਾਲੂਆਂ ਅਤੇ ਮੰਦਰ ਦੇ ਕਰਮਚਾਰੀਆਂ ਦੀ ਤਲਾਸ਼ੀ ਲੈਣਗੇ, ਤਾਂ ਕਿ ਉਹ ਪਾਬੰਦੀ ਲਾਈ ਗਈ ਸਮੱਗਰੀ ਅੰਦਰ ਨਾ ਲਿਜਾ ਸਕਣ।
