ਦਿਲ ਦਹਿਲਾਉਣ ਵਾਲਾ ਹਾਦਸਾ: ਲਿਫਟ ''ਚ ਫਟਿਆ ਗੁਬਾਰਾ, 3 ਲੋਕ ਝੁਲਸੇ
Wednesday, Feb 04, 2026 - 10:12 PM (IST)
ਮੁੰਬਈ : ਮੁੰਬਈ ਦੇ ਗੋਹੇਗਾਓਂ (ਪੱਛਮੀ) ਇਲਾਕੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਰਿਹਾਇਸ਼ੀ ਸੁਸਾਇਟੀ ਦੀ ਲਿਫਟ ਵਿੱਚ ਹਾਈਡ੍ਰੋਜਨ ਗੈਸ ਨਾਲ ਭਰਿਆ ਗੁਬਾਰਾ ਫਟਣ ਕਾਰਨ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਹ ਪੂਰੀ ਘਟਨਾ ਲਿਫਟ ਵਿੱਚ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 2 ਫਰਵਰੀ ਨੂੰ ਗੋਹੇਗਾਓਂ ਦੀ 'ਅਨਮੋਲ ਟਾਵਰ' ਨਾਮਕ ਬਿਲਡਿੰਗ ਵਿੱਚ ਵਾਪਰੀ। ਉਸ ਦਿਨ ਬਿਲਡਿੰਗ ਵਿੱਚ ਇੱਕ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ, ਜਿਸ ਕਾਰਨ ਸਜਾਵਟ ਦਾ ਕੰਮ ਜਾਰੀ ਸੀ। ਇੱਕ ਨੌਜਵਾਨ ਹਾਈਡ੍ਰੋਜਨ ਨਾਲ ਭਰੇ ਗੁਬਾਰੇ ਲੈ ਕੇ ਲਿਫਟ ਵਿੱਚ ਦਾਖਲ ਹੋਇਆ, ਇਸੇ ਦੌਰਾਨ ਇੱਕ ਲੜਕੀ ਵੀ ਨਾਲ ਲਿਫਟ 'ਚ ਅੰਦਰ ਗਈ। ਲਿਫਟ ਵਿੱਚ ਵੜਨ ਦੇ ਕੁਝ ਹੀ ਸੈਕਿੰਡਾਂ ਬਾਅਦ ਗੁਬਾਰੇ ਅਚਾਨਕ ਇੱਕ ਜ਼ੋਰਦਾਰ ਧਮਾਕੇ ਨਾਲ ਫਟ ਗਏ।
ਮੌਤ ਦੇ ਮੂੰਹੋਂ ਬਚੇ ਤਿੰਨੋਂ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਲਿਫਟ ਇੱਕ ਪਲ ਵਿੱਚ ਅੱਗ ਦੀਆਂ ਲਪਟਾਂ ਨਾਲ ਘਿਰ ਗਈ। ਇਸ ਹਾਦਸੇ ਵਿੱਚ ਦੋ ਨੌਜਵਾਨ ਅਤੇ ਇੱਕ ਲੜਕੀ ਝੁਲਸ ਗਏ ਹਨ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਲਿਫਟ ਦਾ ਦਰਵਾਜ਼ਾ ਬੰਦ ਨਹੀਂ ਹੋਇਆ ਸੀ, ਜਿਸ ਕਾਰਨ ਲਿਫਟ ਵਿੱਚ ਮੌਜੂਦ ਤਿੰਨੋਂ ਲੋਕ ਸਮਾਂ ਰਹਿੰਦੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਕਿਉਂ ਖ਼ਤਰਨਾਕ ਹਨ ਹਾਈਡ੍ਰੋਜਨ ਗੁਬਾਰੇ?
ਹਾਈਡ੍ਰੋਜਨ ਇੱਕ ਬਹੁਤ ਹੀ ਜਲਣਸ਼ੀਲ ਗੈਸ ਹੈ। ਹਵਾ ਨਾਲੋਂ ਹਲਕੀ ਹੋਣ ਕਾਰਨ ਇਹ ਗੁਬਾਰੇ ਨੂੰ ਉੱਪਰ ਉਠਾਉਂਦੀ ਹੈ, ਪਰ ਮਾਮੂਲੀ ਜਿਹੀ ਚੰਗਿਆੜੀ, ਗਰਮੀ ਜਾਂ ਰਗੜ (Friction) ਵੀ ਇਸ ਵਿੱਚ ਧਮਾਕਾ ਕਰਨ ਲਈ ਕਾਫੀ ਹੈ। ਜਦੋਂ ਗੁਬਾਰਾ ਫਟਦਾ ਹੈ, ਤਾਂ ਹਾਈਡ੍ਰੋਜਨ ਹਵਾ ਦੀ ਆਕਸੀਜਨ ਨਾਲ ਮਿਲ ਕੇ ਇੱਕ ਵਿਸਫੋਟਕ ਮਿਸ਼ਰਣ ਬਣਾਉਂਦੀ ਹੈ, ਜਿਸ ਨਾਲ ਵੱਡਾ ਧਮਾਕਾ ਹੁੰਦਾ ਹੈ। ਇਸ ਲਈ ਇਨ੍ਹਾਂ ਗੁਬਾਰਿਆਂ ਦੀ ਵਰਤੋਂ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।
