ਅਰਜਨਟੀਨਾ ਦੇ 3 ਖਿਡਾਰੀਆਂ ਵਿਰੁੱਧ ਹੋ ਗਈ ਵੱਡੀ ਕਾਰਵਾਈ !

Friday, Jul 31, 2026 - 01:52 PM (IST)

ਅਰਜਨਟੀਨਾ ਦੇ 3 ਖਿਡਾਰੀਆਂ ਵਿਰੁੱਧ ਹੋ ਗਈ ਵੱਡੀ ਕਾਰਵਾਈ !

ਜਿਨੇਵਾ, (ਏਜੰਸੀ)- ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਨਿਊ ਜਰਸੀ ’ਚ ਹੋਏ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਸਪੇਨ ਦੇ ਖਿਡਾਰੀਆਂ ਨਾਲ ਹੋਈਆਂ ਝੜਪਾਂ ਨੂੰ ਲੈ ਕੇ ਅਰਜਨਟੀਨਾ ਦੇ ਲਿਆਡਰੋ ਪਾਰੇਡੇਸ ਅਤੇ ਨਾਹੂਏਲ ਮੋਲੀਨਾ ਦੇ ਨਾਲ-ਨਾਲ ਸਹਾਇਕ ਕੋਚ ਰੌਬਰਟ ਅਯਾਲਾ ਵਿਰੁੱਧ ਮਾਰਕੁੱਟ ਦੇ ਦੋਸ਼ ’ਚ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੈਟਲਾਈਫ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ਤੋਂ ਬਾਅਦ ਦੇ ਜਸ਼ਨ ਨੂੰ ਖਰਾਬ ਕਰਨ ਵਾਲੇ ਦ੍ਰਿਸ਼ਾਂ ਦੀ ਇਕ ਹਫ਼ਤੇ ਤੱਕ ਚੱਲੀ ਜਾਂਚ ਤੋਂ ਬਾਅਦ ਫੀਫਾ ਨੇ ਟੂਰਨਾਮੈਂਟ ’ਚ ‘ਕਈ ਮੈਚਾਂ’ ਦੌਰਾਨ ਨਿਯਮਾਂ ਦੇ ਕਥਿਤ ਉਲੰਘਣ ਲਈ ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ (ਏ. ਐੱਫ. ਏ.) ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਰਜਨਟੀਨਾ ਦੇ ਥਿਆਗੋ ਅਲਮਾਡਾ ਤੇ ਸਪੇਨ ਦੇ ਮਿਡਫੀਲਡਰ ਗਾਵੀ ਵਿਰੁੱਧ ਵੀ ਕਥਿਤ ਤੌਰ ’ਤੇ ਖੇਡ ਭਾਵਨਾ ਵਿਰੁੱਧ ਆਚਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਪਾਰੇਡੇਸ, ਮੋਲੀਨਾ ਅਤੇ ਅਯਾਲਾ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਸਭ ਤੋਂ ਗੰਭੀਰ ਹੈ। ਇਸ ਦਾ ਸਬੰਧ ਗਾਵੀ, ਰੋਡ੍ਰਿ ਤੇ ਡੈਨੀ ਓਲਮੋ ਨਾਲ ਮੈਦਾਨ ’ਚ ਹੋਈਆਂ ਝੜਪਾਂ ਨਾਲ ਹੈ। ਜੇਕਰ ਇਹ ਖਿਡਾਰੀ ਦੋਸ਼ੀ ਪਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਲੰਬੀ ਮਿਆਦ ਮੁਅੱਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫੀਫਾ ਨੇ ਇਕ ਬਿਆਨ ’ਚ ਕਿਹਾ, ‘‘ਫੀਫਾ ਅਨੁਸ਼ਾਸਨਾਤਮਕ ਕੋਡ ਆਫ ਕੰਡਕਟ ਅਨੁਸਾਰ ਬਚਾਅ ਪੱਖ ਨੂੰ ਹੁਣ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਫੀਫਾ ਅਨੁਸ਼ਾਸਨਾਤਮਕ ਕਮੇਟੀ ਵੱਲੋਂ ਯੋਗ ਸਮੇਂ ’ਚ ਫੈਸਲਾ ਸੁਣਾਇਆ ਜਾਵੇਗਾ।’’
ਅਰਜਨਟੀਨਾ ਦੇ ਖਿਡਾਰੀਆਂ ਨੇ ਸੈਮੀਫਾਈਨਲ ’ਚ ਇੰਗਲੈਂਡ ’ਤੇ ਜਿੱਤ ਤੋਂ ਬਾਅਦ ‘ਲਾਸ ਮਾਲਵਿਨਾਸ ਸੋਨ ਅਰਜੈਂਟੀਨਾਸ’ ਲਿਖਿਆ ਹੋਇਆ ਇਕ ਬੈਨਰ ਫੜਿਆ ਅਤੇ ਉਸ ਨੂੰ ਮੈਦਾਨ ’ਚ ਛੱਡ ਦਿੱਤਾ। ਏ. ਐੱਫ. ਏ. ਨਸਲੀ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਫੀਫਾ ਦੇ ਬਿਆਨ ’ਚ ਕਿਹਾ ਗਿਆ, ‘‘ਇਹ ਕਾਰਵਾਈ 2026 ਫੀਫਾ ਵਿਸ਼ਵ ਕੱਪ ’ਚ ਅਰਜਨਟੀਨਾ ਦੀ ਪ੍ਰਤੀਨਿਧ ਟੀਮ ਦੇ ਕਈ ਮੈਚਾਂ ਸਬੰਧੀ ਭੇਦਭਾਵਪੂਰਨ ਨਾਅਰਿਆਂ ਅਤੇ ਇਸ਼ਾਰਿਆਂ, ਦੇਰ ਨਾਲ ਕਿੱਕ-ਆਫ, ਮੈਚ ਅਤੇ ਸੁਰੱਖਿਆ ਪ੍ਰੋਟੋਕੋਲ ਦਾ ਪਾਲਣ ਨਾ ਕਰਨ, ਟੀਮ ਤੇ ਦਰਸ਼ਕਾਂ ਵੱਲੋਂ ਅਣਉਚਿਤ ਸੰਦੇਸ਼ਾਂ ਦੇ ਪ੍ਰਦਰਸ਼ਨ ਅਤੇ ਦਰਸ਼ਕਾਂ ਵੱਲੋਂ ਵਸਤੂਆਂ ਨੂੰ ਸੁੱਟਣ ਦੇ ਮਾਮਲਿਆਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ।’’


author

Shubam Kumar

Content Editor

Related News