ਬਾਲਾਸੋਰ ਹਾਦਸੇ ਦੀ ਜਾਂਚ ਦੇ ਘੇਰੇ ’ਚ ਰੇਲਵੇ ਦੇ 5 ਕਰਮਚਾਰੀ

Tuesday, Jun 13, 2023 - 04:04 PM (IST)

ਬਾਲਾਸੋਰ ਹਾਦਸੇ ਦੀ ਜਾਂਚ ਦੇ ਘੇਰੇ ’ਚ ਰੇਲਵੇ ਦੇ 5 ਕਰਮਚਾਰੀ

ਨਵੀਂ ਦਿੱਲੀ, (ਭਾਸ਼ਾ)- ਓਡਿਸ਼ਾ ਦੇ ਬਾਲਾਸੋਰ ਜ਼ਿਲੇ ’ਚ ਹੋਏ ਭਿਆਨਕ ਰੇਲ ਹਾਦਸੇ ਦੇ ਮਾਮਲੇ ’ਚ ਬਾਹਾਨਗਾ ਬਾਜ਼ਾਰ ਦੇ ਸਟੇਸ਼ਨ ਮਾਸਟਰ ਸਮੇਤ ਰੇਲਵੇ ਦੇ 5 ਕਰਮਚਾਰੀ ਜਾਂਚ ਦੇ ਘੇਰੇ ’ਚ ਹਨ। ਅਧਿਕਾਰਕ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ’ਚ 275 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਜ਼ਿਆਦਾ ਯਾਤਰੀ ਜ਼ਖ਼ਮੀ ਹੋਏ ਸਨ। ਜਾਂਚ ਦੇ ਘੇਰੇ ’ਚ ਸ਼ਾਮਲ 4 ਹੋਰ ਕਰਮਚਾਰੀ ਸਿਗਨਲ ਨਾਲ ਸਬੰਧਤ ਕੰਮ ਕਰਦੇ ਹਨ ਅਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਹਾਦਸੇ ਦੇ ਸਮੇਂ ਡਿਊਟੀ ’ਤੇ ਸਨ।

ਸੂਤਰਾਂ ਨੇ ਕਿਹਾ ਕਿ ਪੰਜੇ ਕਰਮਚਾਰੀ ਮੌਜ਼ੂਦਾ ’ਚ ਆਪਣੀ ਡਿਊਟੀ ਨਿਭਾਅ ਰਹੇ ਹਨ ਅਤੇ ਭਵਿੱਖ ਦੀ ਕੋਈ ਵੀ ਕਾਰਵਾਈ ਰੇਲਵੇ ਸੁਰੱਖਿਆ ਕਮਿਸ਼ਨ (ਸੀ. ਆਰ. ਐੱਸ.) ਦੀ ਹਾਦਸਾ ਜਾਂਚ ਰਿਪੋਰਟ ’ਤੇ ਨਿਰਭਰ ਕਰੇਗੀ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) 2 ਜੂਨ ਨੂੰ ਬਾਹਾਨਗਾ ਬਾਜ਼ਾਰ ਸਟੇਸ਼ਨ ’ਤੇ ਕਥਿਤ ਅਪਰਾਧਿਕ ਲਾਪਰਵਾਹੀ ਕਾਰਨ ਹੋਏ ਹਾਦਸੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਿਹਾ ਹੈ।

ਰੇਲ ਮੰਤਰਾਲਾ ਦੇ ਅਧਿਕਾਰੀਆਂ ਨੇ ਇੰਟਰਲਾਕਿੰਗ ਪ੍ਰਣਾਲੀ ਨਾਲ ਸੰਭਾਵੀ ਛੇੜਛਾੜ ਦਾ ਸੰਕੇਤ ਦਿੱਤਾ ਹੈ, ਜਿਸ ਨਾਲ ਕੋਰੋਮੰਡਲ ਐਕਸਪ੍ਰੈੱਸ ਲਈ ਸਿਗਨਲ ਹਰਾ ਹੋ ਗਿਆ ਅਤੇ ਇਹ ਲੂਪ ਲਾਈਨ ਵੱਲ ਚਲੀ ਗਈ, ਜਿੱਥੇ ਇਹ ਇਕ ਖੜ੍ਹੀ ਹੋਈ ਮਾਲ-ਗੱਡੀ ਨਾਲ ਟਕਰਾ ਗਈ। ਆਟੋਮੈਟਿਕ ਇੰਟਰਲਾਕਿੰਗ ਪ੍ਰਣਾਲੀ ’ਚ ਗਡ਼ਬਡ਼ੀ ਨੂੰ ਇਸ ਘਟਨਾ ਦੀ ਵੱਡੀ ਵਜ੍ਹਾ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਨਾਂ ਉਜਾਗਰ ਨਾ ਕਰਨ ਦੀ ਸ਼ਰਤ ’ਤੇ ਇਕ ਸੀਨੀਅਰ ਰੇਲ ਅਧਿਕਾਰੀ ਨੇ ਕਿਹਾ, ‘‘ਫਿਲਹਾਲ 5 ਰੇਲ ਕਰਮਚਾਰੀ ਜਾਂਚ ਦੇ ਕੇਂਦਰ ’ਚ ਹਨ। ਸੀ. ਆਰ. ਐੱਸ. ਤੋਂ ਛੇਤੀ ਹੀ ਅੰਤਿਮ ਰਿਪੋਰਟ ਮਿਲਣ ਦੀ ਉਮੀਦ ਹੈ।’’

ਓਧਰ ਹਾਦਸੇ ਨੂੰ ਲੈ ਕੇ ਵਿਰੋਧੀ ਧਿਰ ਦੀ ਸਖਤ ਆਲੋਚਨਾ ਵਿਚਾਲੇ 2 ਰੇਲ ਕਰਮਚਾਰੀ ਸੰਗਠਨ ਰੇਲਵੇ ਦੇ ਸਮਰਥਨ ’ਚ ਸਾਹਮਣੇ ਆਏ ਹਨ। ਸਾਂਝੇ ਬਿਆਨ ’ਚ ਆਲ ਇੰਡੀਆ ਰੇਲਵੇਮੈਨਜ਼ ਫੈੱਡਰੇਸ਼ਨ (ਏ. ਆਈ. ਆਰ. ਐੱਫ.) ਅਤੇ ਨੈਸ਼ਨਲ ਫੈੱਡਰੇਸ਼ਨ ਆਫ ਇੰਡੀਅਨ ਰੇਲਵੇਮੈਨ (ਐੱਨ. ਐੱਫ. ਆਈ. ਆਰ.) ਦੇ ਜਨਰਲ ਸਕੱਤਰਾਂ ਨੇ ਕਿਹਾ ਕਿ ਉਹ ਰੇਲ ਹਾਦਸੇ ਦਾ ਰਾਜਨੀਤੀਕਰਨ ਕੀਤੇ ਜਾਣ ਤੋਂ ਦੁਖੀ ਹਨ।


author

Rakesh

Content Editor

Related News