ਅਜਬ ਬਿਹਾਰ ਦੀ ਗਜਬ ਲਾੜੀ, ਬਾਰਾਤ ਲੈ ਕੇ ਪੁੱਜੀ ਲਾੜੇ ਦੇ ਘਰ

Saturday, Feb 24, 2018 - 03:30 PM (IST)

ਮਨੇਰ— ਲਾੜੇ ਦਾ ਬਾਰਾਤ ਲੈ ਕੇ ਲਾੜੀ ਘਰ ਪੁੱਜਣਾ ਤਾਂ ਰਿਵਾਜ਼ ਹੈ ਪਰ ਜਦੋਂ ਇਕ ਲਾੜੀ ਬੈਂਡ ਬਾਜੇ ਨਾਲ ਬਾਰਾਤ ਲੈ ਕੇ ਲਾੜੇ ਦੇ ਘਰ ਪੁੱਜੀ ਤਾਂ ਉਸ ਨੂੰ ਦੇਖਣ ਲਈ ਭਾਰੀ ਭੀੜ ਲੱਗ ਗਈ। ਇਹ ਅਨੋਖਾ ਵਿਆਹ ਰਾਜ ਦੇ ਸ਼ਹਿਰ ਮਨੇਰ 'ਚ ਸ਼ੁੱਕਰਵਾਰ ਨੂੰ ਹੋਇਆ, ਜਿਸ 'ਚ ਇਕ ਲਾੜੀ ਰੱਥ 'ਤੇ ਸਵਾਰ ਹੋ ਕੇ ਆਪਣੇ ਘਰ ਵਾਲਿਆਂ ਨਾਲ ਬਾਰਾਤ ਲੈ ਕੇ ਲਾੜੇ ਦੇ ਘਰ ਪੁੱਜੀ, ਜਿੱਥੇ ਲਾੜੇ ਦੇ ਘਰ ਵਾਲਿਆਂ ਨੇ ਉਸ ਦਾ ਸਵਾਗਤ ਕੀਤਾ।
ਮੁੰਬਈ 'ਚ ਇਕ ਨਿੱਜੀ ਬੈਂਕ 'ਚ ਅਸਿਸਟੈਂਟ ਮੈਨੇਜਰ ਹੈ ਲਾੜੀ
ਮਨੇਰ ਟੋਲਾ 'ਤੇ ਵਾਸੀ ਨੇਵੀ ਸੈਨਿਕ ਵਿਨੋਦ ਕੁਮਾਰ ਰਾਏ ਦੀ ਬੇਟੀ ਸਨੇਹਾ ਮੁੰਬਈ 'ਚ ਇਕ ਨਿੱਜੀ ਬੈਂਕ 'ਚ ਅਸਿਸਟੈਂਟ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹੈ। ਸਨੇਹਾ ਦੀ ਸਗਾਈ ਮਧੁਬਨੀ ਦੇ ਰਹਿਣ ਵਾਲੇ ਅਨਿਲ ਕੁਮਾਰ ਯਾਦਵ ਨਾਲ ਤੈਅ ਹੋਈ। ਘਰਵਾਲਿਆਂ ਨੇ ਉਨ੍ਹਾਂ ਦਾ ਵਿਆਹ ਆਪਣੇ ਜੱਦੀ ਘਰ ਮਨੇਰਾ ਟੋਲਾ 'ਚ ਕਰਨ ਦਾ ਫੈਸਲਾ ਲਿਆ।
ਬਾਰਾਤ ਦੇਖਣ ਲਈ ਲੱਗੀ ਲੋਕਾਂ ਦੀ ਭੀੜ
ਇਸ ਤੋਂ ਬਾਅਦ ਲਾੜੀ ਨੇ ਰੀਵੀ-ਰਿਵਾਜ਼ਾਂ ਤੋਂ ਹੱਟ ਕੇ ਕੁਝ ਵੱਖ ਕਰਨ ਦੀ ਠਾਨੀ ਅਤੇ ਖੁਦ ਬਾਰਾਤ ਲੈ ਕੇ ਲਾੜੇ ਦੇ ਘਰ ਪੁੱਜ ਗਈ। ਬਾਰਾਤ 'ਚ ਸਨੇਹਾ ਦੇ ਪਰਿਵਾਰ ਵਾਲੇ ਸ਼ਾਮਲ ਹੋਏ। ਲਾੜੇ ਦੇ ਘਰ ਜਦੋਂ ਬਾਰਾਤ ਪੁੱਜੀ ਤਾਂ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਲਾੜੇ ਦੇ ਮਾਤਾ-ਪਿਤਾ ਅਤੇ ਸਾਰੇ ਪਰਿਵਾਰ ਵਾਲਿਆਂ ਨੇ ਬਾਰਾਤ ਦਾ ਸਵਾਗਤ ਕੀਤਾ।
ਮਾਤਾ-ਪਿਤਾ ਨੇ ਦਿੱਤੇ ਲੜਕਿਆਂ ਵਰਗੇ ਸੰਸਕਾਰ
ਸਨੇਹਾ ਦੀਆਂ 2 ਭੈਣਾਂ ਹਨ, ਦੂਜੀ ਭੈਣ ਵਿਨੀਤਾ ਪੁਣੇ ਤੋਂ ਐੱਮ.ਬੀ.ਬੀ.ਐੱਸ. ਕਰ ਰਹੀ ਹੈ ਅਤੇ ਛੋਟੀ ਭੈਣ ਬਿਦੁਸ਼ੀ ਫੈਸ਼ਨ ਡਿਜ਼ਾਈਨਰ ਹੈ। ਸਨੇਹਾ ਦੇ ਮਾਤਾ-ਪਿਤਾ ਨੇ ਆਪਣੀਆਂ ਲੜਕੀਆਂ ਨੂੰ ਲੜਕਿਆਂ ਤੋਂ ਘੱਟ ਨਾ ਸਮਝਦੇ ਹੋਏ ਲੜਕਿਆਂ ਵਰਗੇ ਸੰਸਕਾਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਵਿਆਹ 'ਚ ਲੜਕੇ ਵਾਲਿਆਂ ਵੱਲੋਂ ਕਿਸੇ ਤਰ੍ਹਾਂ ਦੇ ਦਾਜ ਦੀ ਮੰਗ ਨਹੀਂ ਕੀਤੀ ਗਈ। ਇਸ ਕਾਰਨ ਇਹ ਵਿਆਹ ਕਈ ਤਰ੍ਹਾਂ ਨਾਲ ਅਨੋਖਾ ਮੰਨਿਆ ਗਿਆ।


Related News