ਜੰਮੂ ਕਸ਼ਮੀਰ : ਕੰਟਰੋਲ ਰੇਖਾ ''ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਅਸਫ਼ਲ, 3 ਗ੍ਰਿਫ਼ਤਾਰ

Wednesday, May 31, 2023 - 10:52 AM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਸਰਹੱਦ 'ਤੇ ਲੱਗੀ ਬਾੜ ਕੋਲ ਜਵਾਨਾਂ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਅਸਫ਼ਲ ਕਰ ਕੇ ਇਸ ਸਿਲਸਿਲੇ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਲਪੁਰ ਸੈਕਟਰ ਦੇ ਕਰਮਾਰਾ ਪਿੰਡ 'ਚ ਤੜਕੇ ਗੋਲੀਬਾਰੀ 'ਚ ਫ਼ੌਜ ਦਾ ਇਕ ਜਵਾਨ ਅਤੇ ਗ੍ਰਿਫ਼ਤਾਰ ਦੋਸ਼ੀਆਂ 'ਚੋਂ ਇਕ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਤਾਇਨਾਤ ਫ਼ੌਜੀਆਂ ਨੇ ਸ਼ੱਕੀ ਗਤੀਵਿਧੀਆਂ ਦਾ ਅਹਿਸਾਸ ਹੋਣ 'ਤੇ ਉਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਤੁਰੰਤ ਘੇਰਾਬੰਦੀ ਕੀਤੀ ਗਈ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ 'ਚੋਂ ਇਕ ਜ਼ਖ਼ਮੀ ਹੈ। ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ।

ਗੋਲੀਬਾਰੀ 'ਚ ਫ਼ੌਜ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਕਰਮਾਰਾ ਪਿੰਡ ਦੇ ਮੁਹੰਮਦ ਫਾਰੂਕ (26), ਮੁਹੰਮਦ ਰਿਆਜ਼ (23) ਅਤੇ ਮੁਹੰਮਦ ਜੁਬੈਰ (22) ਵਜੋਂ ਕੀਤੀ ਹੈ। ਮੁਹੰਮਦ ਫਾਰੂਕ ਦੇ ਪੈਰ 'ਚ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਦੀ ਖੇਪ ਮਿਲੀ ਸੀ, ਜਿਸ ਦੀ ਉਹ ਇਸ ਵੱਲ ਤਸਕਰੀ ਕਰਨਾ ਚਾਹੁੰਦੇ ਸਨ, ਉਦੋਂ ਫ਼ੌਜੀਆਂ ਨੇ ਕਾਰਵਾਈ ਕਰ ਕੇ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਇਕ ਏ.ਕੇ. ਰਾਈਫ਼ਲ, 2 ਪਿਸਤੌਲ, 6 ਗ੍ਰਨੇਡ, ਪ੍ਰੈਸ਼ਰ ਕੁੱਕਰ 'ਚ ਰੱਖਿਆ ਇਕ ਆਈ.ਈ.ਡੀ. (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਅਤੇ ਸ਼ੱਕੀ ਹੈਰੋਇਨ ਦੇ 20 ਪੈਕੇਟ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਮਿਲਣ ਤੱਕ ਤਲਾਸ਼ ਮੁਹਿੰਮ ਜਾਰੀ ਹੈ।


DIsha

Content Editor

Related News