ਪਾਕਿ ਦੀ ਨਵੀਂ ਚਾਲ, ਰਾਜਸਥਾਨ ਬਾਰਡਰ ''ਤੇ ਵਧਿਆ ਟਿੱਡੀ ਦਲ ਦਾ ਖਤਰਾ
Sunday, Sep 15, 2019 - 02:16 PM (IST)

ਜੈਪੁਰ (ਭਾਸ਼ਾ)— ਪਾਕਿਸਤਾਨ ਤੋਂ ਆ ਕੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਟਿੱਡੀ ਦਲਾਂ ਦੇ ਆਉਣ ਦੇ ਖਦਸ਼ੇ ਤੋਂ ਰਾਜਸਥਾਨ ਦੇ 4 ਸਰਹੱਦੀ ਜ਼ਿਲਿਆਂ ਦਾ ਸਰਕਾਰੀ ਅਮਲਾ ਇਕ ਵਾਰ ਫਿਰ ਪਰੇਸ਼ਾਨ ਹੈ। ਇਨ੍ਹਾਂ ਜ਼ਿਲਿਆਂ ਵਿਚ ਬੀਤੇ 4 ਮਹੀਨਿਆਂ ਤੋਂ ਤਕਰੀਬਨ 1.38 ਲੱਖ ਹੈਕਟੇਅਰ ਇਲਾਕੇ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਾਅ ਲਈ ਕਦਮ ਚੁੱਕੇ ਗਏ ਹਨ ਅਤੇ ਲੱਗਭਗ 200 ਕਰਮਚਾਰੀਆਂ-ਅਧਿਕਾਰੀਆਂ ਦਾ ਦਲ ਲਗਾਤਾਰ ਹਾਲਾਤ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਸਮੇਂ 'ਤੇ ਸਾਵਧਾਨੀ ਕਦਮ ਚੁੱਕਣ ਨਾਲ ਇਹ ਟਿੱਡੀਆਂ ਜ਼ਿਆਦਾ ਨੁਕਸਾਨ ਨਹੀਂ ਕਰ ਸਕਣਗੀਆਂ।
ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਹਮੇਸ਼ਾ ਵਾਂਗ ਇਕ ਵਾਰ ਫਿਰ ਇਨ੍ਹਾਂ ਟਿੱਡੀ ਦਲਾਂ ਨੂੰ ਜੋਧਪੁਰ, ਜੈਸਲਮੇਰ, ਬਾੜਮੇਰ ਅਤੇ ਬੀਕਾਨੇਰ ਜ਼ਿਲਿਆਂ ਦੇਖਿਆ ਗਿਆ ਹੈ। ਥਾਰ ਰੇਗਿਸਤਾਨ ਦਾ ਇਹ ਇਲਾਕਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਸਾਹਮਣੇ ਪੈਂਦਾ ਹੈ। ਰਾਜਸਥਾਨ ਦੇ ਖੇਤੀਬਾੜੀ ਵਿਭਾਗ 'ਚ ਸੰਯੁਕਤ ਡਾਇਰੈਕਟਰ ਡਾ. ਸੁਆਲਾਲ ਜਾਟ ਨੇ ਦੱਸਿਆ ਕਿ ਜੈਸਲਮੇਰ ਸਰਹੱਦ 'ਤੇ ਇਕ-ਦੋ ਦਿਨ ਵਿਚ ਸਰਹੱਦ ਪਾਰ ਤੋਂ ਆਏ ਟਿੱਡੀ ਦਲ ਦੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ 47 ਟੀਮਾਂ ਇਲਾਕੇ ਨੂੰ ਬਚਾਉਣ ਦੇ ਕੰਮ ਵਿਚ ਲੱਗੀਆਂ ਹਨ। ਇਸ ਤੋਂ ਇਲਾਵਾ ਸਰਵੇ ਦੇ ਕੰਮ 'ਚ 47 ਟੀਮਾਂ ਲੱਗੀਆਂ ਹਨ, ਤਾਂ ਕਿ ਟਿੱਡੀ ਦਲਾਂ ਦੇ ਹਮਲੇ ਤੋਂ ਹਾਲਾਤ ਬੇਕਾਬੂ ਨਾ ਹੋਣ।
ਇਕ ਟਿੱਡੀ ਦਲ ਵਿਚ ਲੱਖਾਂ ਦੀ ਗਿਣਤੀ ਵਿਚ ਟਿੱਡੀਆਂ ਹੁੰਦੀਆਂ ਹਨ ਅਤੇ ਜਿੱਥੇ ਵੀ ਇਹ ਦਲ ਪੁੱਜਦਾ ਹੈ, ਉੱਥੇ ਫਸਲਾਂ ਨੂੰ ਸਾਫ ਕਰ ਜਾਂਦਾ ਹੈ। ਟਿੱਡੀ (ਫਾਕਾ) ਹਮਲਾ ਰਾਜਸਥਾਨ ਦੇ ਇਨ੍ਹਾਂ ਸਰਹੱਦੀ ਜ਼ਿਲਿਆਂ ਵਿਚ ਹਰ ਸਾਲ ਹੁੰਦਾ ਹੈ ਪਰ ਘੱਟ ਜਾਂ ਜ਼ਿਆਦਾ ਹੁੰਦਾ ਰਹਿੰਦਾ ਹੈ। ਇਸ ਵਾਰ ਪਹਿਲਾ ਟਿੱਡੀ ਦਲ ਮਈ ਦੇ ਆਖਰੀ ਹਫਤੇ ਵਿਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਰਾਤ-ਦਿਨ ਮੁਹਿੰਮ ਚਲਾ ਕੇ ਦਵਾਈ ਛਿੜਕੀ ਅਤੇ ਇਸ ਦਾ ਅਸਰ ਘੱਟ ਹੁੰਦਾ ਨਜ਼ਰ ਆਇਆ ਪਰ ਇਕ ਵਾਰ ਫਿਰ ਟਿੱਡੀ ਦਲ ਦਿੱਸਣ ਨਾਲ ਅਧਿਕਾਰੀਆਂ ਦੀ ਪਰੇਸ਼ਾਨੀ ਵਧ ਗਈ ਹੈ।
ਪਾਕਿਸਤਾਨ ਦੇ ਪੱਧਰ 'ਤੇ ਟਿੱਡੀਆਂ 'ਤੇ ਲਗਾਮ ਲਾਏ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਇਸ ਲਈ ਇਕ ਵਾਰ ਫਿਰ ਟਿੱਡੀ ਦਲ ਰਾਜਸਥਾਨ ਦੇ ਸਰਹੱਦੀ ਇਲਾਕਿਆਂ 'ਚ ਆ ਗਏ ਹਨ। ਹਾਲਾਂਕਿ ਅਧਿਕਾਰੀਆਂ ਨੇ ਇਸ ਬਾਰੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਇਸ ਤੋਂ ਪਹਿਲਾਂ ਜੁਲਾਈ-ਅਕਤੂਬਰ 1993 'ਚ ਟਿੱਡੀ ਦਲਾਂ ਨੇ ਰਾਜਸਥਾਨ 'ਚ ਵੱਡਾ ਹਮਲਾ ਕੀਤਾ ਸੀ ਅਤੇ ਹਜ਼ਾਰਾਂ ਹੈਕਟੇਅਰ ਫਸਲ ਨੂੰ ਸਾਫ ਕਰ ਦਿੱਤਾ ਸੀ। ਉਸ ਤੋਂ ਬਾਅਦ 1998 'ਚ ਟਿੱਡੀ ਦਲ ਨੇ ਇੱਥੇ ਵੱਡਾ ਨੁਕਸਾਨ ਕੀਤਾ ਸੀ। ਅਧਿਕਾਰੀਆਂ ਨੂੰ ਉਮੀਦ ਹੈ ਕਿ ਸਮੇਂ 'ਤੇ ਪ੍ਰਭਾਵੀ ਕਦਮ ਚੁੱਕਣ ਨਾਲ ਹੁਣ ਟਿੱਡੀਆਂ ਜ਼ਿਆਦਾ ਨੁਕਸਾਨ ਨਹੀਂ ਕਰ ਸਕਣਗੀਆਂ।