ਜੇਲ੍ਹ ''ਚ ਬੰਦ ਗੈਂਗਸਟਰ ਅਤੀਕ ਅਹਿਮਦ ਦੀ ਪਤਨੀ ਅਤੇ ਪੁੱਤਰ ''ਤੇ ਫਰਜ਼ੀ ਆਧਾਰ ਕਾਰਡ ਦਾ ਮਾਮਲਾ ਦਰਜ

Monday, Apr 10, 2023 - 10:20 AM (IST)

ਪ੍ਰਯਾਗਰਾਜ- ਜੇਲ੍ਹ 'ਚ ਬੰਦ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਅਤੇ ਉਸ ਦੇ ਪੁੱਤਰ ਅਲੀ ਅਹਿਮਦ ਸਮੇਤ ਦੋ ਹੋਰਨਾਂ 'ਤੇ ਆਧਾਰ ਕਾਰਡ ਨਾਲ ਜੁੜੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਵੱਖ-ਵੱਖ ਨਾਂ ਅਤੇ ਪਤੇ ਦੇ ਦੋ ਆਧਾਰ ਕਾਰਡ ਹਾਸਲ ਕਰਨ 'ਚ ਸਫ਼ਲ ਰਹੇ ਸਨ ਪਰ ਦੋਹਾਂ 'ਤੇ ਅਲੀ ਅਹਿਮਦ ਦੀਆਂ ਤਸਵੀਰਾਂ ਸਨ। ਪੁਲਸ ਨੇ ਅਤੀਕ ਦੇ ਇਕ ਕਰੀਬੀ ਸਾਥੀ ਰਾਕੇਸ਼ ਉਰਫ਼ ਲਾਲਾ ਨੂੰ ਪੁਲਸ ਰਿਮਾਂਡ 'ਚ ਲੈਣ ਮਗਰੋਂ ਅਤੀਕ ਦੇ ਪੁਰਾਣੇ ਦਫ਼ਤਰ ਦੀ ਇਮਾਰਤ ਤੋਂ ਅਲੀ ਅਹਿਮਦ ਦੀਆਂ ਤਸਵੀਰਾਂ ਨਾਲ ਦੋਵੇਂ ਪਛਾਣ ਪੱਤਰ ਬਰਾਮਦ ਕਰਨ ਦਾ ਦਾਅਵਾ ਕੀਤਾ। 

ਕੌਸ਼ਾਂਬੀ ਵਾਸੀ ਰਾਕੇਸ਼ ਉਰਫ਼ ਲਾਲਾ ਨੂੰ ਮਾਰਚ 'ਚ ਉਮੇਸ਼ ਪਾਲ ਅਤੇ ਉਸ ਦੇ ਦੋ ਗਨਰ ਦੇ ਕਤਲ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਆਧਾਰ ਕਾਰਡ ਵਿਚ ਅਲੀ ਦੀ ਤਸਵੀਰ ਨਾਲ ਵੱਖ-ਵੱਖ ਨਾਂ ਅਤੇ ਪਤੇ ਸਨ। ਇੰਸਪੈਕਟਰ ਰਾਜੇਸ਼ ਕੁਮਾਰ ਮੌਰਿਆ ਨੇ ਸ਼ਾਇਸਤਾ ਪਰਵੀਨ, ਅਲੀ ਅਹਿਮਦ, ਮੁਹੰਮਦ ਸਾਬਿਰ ਅਤੇ ਰਾਕੇਸ਼ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਵਿਚ ਆਈ. ਪੀ. ਸੀ. ਦੀ ਧਾਰਾ 419, 420, 467, 468 ਅਤੇ 471 ਦੇ ਤਹਿਤ FIR ਦਰਜ ਕੀਤੀ ਹੈ।

ਇੰਸਪੈਕਟਰ ਰਾਕੇਸ਼ ਕੁਮਾਰ ਮੌਰਿਆ ਨੇ FIR 'ਚ ਦੋਸ਼ ਲਾਇਆ ਕਿ ਉਮੇਸ਼ ਪਾਲ ਕਤਲ ਕਾਂਡ ਦੀ ਜਾਂਚ ਅਤੇ ਜੇਲ੍ਹ ਵਿਚ ਬੰਦ ਗੈਂਗਸਟਰ ਅਤੀਕ ਅਹਿਮਦ ਦੇ ਕਰੀਬੀ ਲਾਲਾ ਦੀ ਗ੍ਰਿਫ਼ਤਾਰੀ ਯਕੀਨੀ ਕਰਦਿਆਂ ਪੁਲਸ ਨੇ ਉਸ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ। ਜਿਸ ਤੋਂ ਬਾਅਦ ਅਤੀਕ ਦੇ ਪੁਰਾਣੇ ਦਫ਼ਤਰ ਦੀ ਇਮਾਰਤ 'ਚ ਇਕ ਫੋਨ ਅਤੇ ਦੋ ਆਧਾਰ ਕਾਰਡ ਬਰਾਮਦ ਕੀਤੇ ਗਏ। ਦੋਵਾਂ ਆਧਾਰ ਕਾਰਡਾਂ ਵਿਚ ਵੱਖ-ਵੱਖ ਨਾਵਾਂ ਅਤੇ ਪਤਿਆਂ ਨਾਲ ਅਲੀ ਅਹਿਮਦ ਦੀਆਂ ਤਸਵੀਰਾਂ ਸਨ।


Tanu

Content Editor

Related News