ਅਸਾਮ ਦੀ ਪਹਿਲੀ ਮਹਿਲਾ ਸੀ.ਐੱਮ. ਸਈਦਾ ਅਨਵਾਰਾ ਤੈਮੂਰ ਦਾ ਦਿਹਾਂਤ
Monday, Sep 28, 2020 - 08:53 PM (IST)

ਗੁਹਾਟੀ - ਅਸਾਮ ਦੀ ਸਾਬਕਾ ਮੁੱਖ ਮੰਤਰੀ ਸਈਦਾ ਅਨਵਾਰਾ ਤੈਮੂਰ ਦਾ 84 ਸਾਲ ਦੀ ਉਮਰ 'ਚ 28 ਸਤੰਬਰ ਨੂੰ ਆਸਟਰੇਲੀਆ 'ਚ ਦਿਹਾਂਤ ਹੋ ਗਿਆ। ਉਹ ਸੂਬੇ ਦੀ ਪਹਿਲੀ ਇਕਲੌਤੀ ਮਹਿਲਾ ਮੁੱਖ ਮੰਤਰੀ ਸਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੀ ਸੀ ਅਤੇ ਆਪਣੇ ਆਪਣੇ ਬੇਟੇ ਨਾਲ ਕਈ ਸਾਲਾਂ ਤੋਂ ਆਸਟਰੇਲੀਆ 'ਚ ਰਹਿ ਰਹੀ ਸੀ। ਤੈਮੂਰ 6 ਦਸੰਬਰ 1980 ਤੋਂ 30 ਜੂਨ 1981 ਤੱਕ ਸੂਬੇ ਦੀ ਮੁੱਖ ਮੰਤਰੀ ਰਹੀ।
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਅਤੇ ਹੋਰ ਮੰਤਰੀਆਂ ਨੇ ਦੁੱਖ ਪ੍ਰਗਟਾਇਆ ਹੈ। ਸੀ.ਐੱਮ. ਸੋਨੋਵਾਲ ਨੇ ਟਵੀਟ ਕੀਤਾ ਕਿ, “ਅਸਾਮ ਦੀ ਸਾਬਕਾ ਮੁੱਖ ਮੰਤਰੀ ਸਈਦਾ ਅਨਵਾਰਾ ਤੈਮੂਰ ਦੇ ਅਚਾਨਕ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ, ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਨਾਲ ਦਿਲੀ ਹਮਦਰਦੀ ਪੇਸ਼ ਕਰਦਾ ਹਾਂ।” ਅਸਾਮ ਦੇ ਵਿੱਤ ਮੰਤਰੀ ਹਿਮਾਂਟਾ ਬਿਸਵਾ ਸਰਮਾ ਨੇ ਉਨ੍ਹਾਂ ਦੀ ਮੌਤ ਨੂੰ ਸੂਬੇ ਲਈ ਵੱਡਾ ਘਾਟਾ ਦੱਸਿਆ ਹੈ।