ਆਸਾਮ ’ਚ ਹੜ੍ਹ ਕਾਰਨ ਵਿਗੜੇ ਹਾਲਾਤ, 29 ਜ਼ਿਲਿਆਂ ’ਚ 16.50 ਲੱਖ ਲੋਕ ਪ੍ਰਭਾਵਿਤ
Thursday, Jul 04, 2024 - 09:41 PM (IST)
ਗੁਹਾਟੀ, (ਭਾਸ਼ਾ)- ਆਸਾਮ ’ਚ ਹੜ੍ਹ ਕਾਰਨ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਵੀਰਵਾਰ ਨੂੰ ਸੂਬੇ ਦੇ ਪ੍ਰਮੁੱਖ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। ਇਕ ਆਧਿਕਾਰਿਕ ਬੁਲੇਟਿਨ ’ਚ ਇਹ ਜਾਣਕਾਰੀ ਦਿੱਤੀ ਗਈ।
ਬੁਲੇਟਿਨ ’ਚ ਦੱਸਿਆ ਗਿਆ ਕਿ ਹੜ੍ਹ ਕਾਰਨ ਸੂਬੇ ਦੇ 29 ਜ਼ਿਲਿਆਂ ’ਚ 16.50 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਬ੍ਰਹਮਪੁੱਤਰ, ਦਿਗਾਰੂ ਅਤੇ ਕੋਲੋਂਗ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ। ਉੱਥੇ ਹੀ, ਕਾਮਰੂਪ (ਮੈਟਰੋ) ਜ਼ਿਲੇ ’ਚ ਅਲਰਟ ਜਾਰੀ ਕੀਤਾ ਗਿਆ ਹੈ।
ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਵੀਰਵਾਰ ਨੂੰ ਗੁਹਾਟੀ ਦੇ ਮਾਲੀਗਾਓਂ, ਪਾਂਡੂ ਪੋਰਟ ਅਤੇ ਮੰਦਰ ਘਾਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਸਰਮਾ ਨੇ ਬੁੱਧਵਾਰ ਦੇਰ ਰਾਤ ਸਾਰੇ ਜ਼ਿਲਾ ਕਮਿਸ਼ਨਰਾਂ ਨਾਲ ਹੜ੍ਹ ਦੀ ਸਥਿਤੀ ’ਤੇ ਇਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਛੇਤੀ ਤੋਂ ਛੇਤੀ ਰਾਹਤ ਪਹੁੰਚਾਉਣ ਦਾ ਹੁਕਮ ਦਿੱਤਾ।