ਕੋਵਿਡ ਪੀੜਤ ਲੋਕਾਂ ਦੇ ਸੰਪਰਕ ਦਾ ਪਤਾ ਲਗਾਉਣ ਲਈ 40 ਲੱਖ ਲੋਕ ਨਿਗਰਾਨੀ ''ਚ
Tuesday, Sep 15, 2020 - 02:58 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਕੋਵਿਡ ਪੀੜਤ ਲੋਕਾਂ ਦੇ ਸੰਪਰਕ ਦਾ ਪਤਾ ਲਗਾਉਣ ਦੇ ਅਧੀਨ 40 ਲੱਖ ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਉੱਥੇ ਹੀ 10 ਸਤੰਬਰ ਤੱਕ 5.4 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਚੌਬੇ ਨੇ ਦੱਸਿਆ ਕਿ 10 ਸਤੰਬਰ ਤੱਕ ਦੇਸ਼ 'ਚ 15,290 ਕੇਂਦਰਾਂ 'ਚ ਕੋਵਿਡ-19 ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਮਰੀਜ਼ਾਂ ਲਈ 13,14,171 ਅਲੱਗ ਬੈੱਡ ਦੀ ਵਿਵਸਥਾ ਹੈ। ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਦੀ ਸਹੂਲਤ ਵਾਲੇ ਕੁੱਲ 2,31,269 ਅਲੱਗ ਬੈੱਡ ਅਤੇ 62,694 ਆਈ.ਸੀ.ਯੂ. ਬੈੱਡ ਵੀ ਹਨ, ਜਿਨ੍ਹਾਂ 'ਚ 32,241 ਵੈਂਟੀਲੇਟਰ ਵਾਲੇ ਬੈੱਡ ਹਨ।
ਚੌਬੇ ਨੇ ਦੱਸਿਆ ਕਿ ਕੋਵਿਡ-19 ਦੇ ਕਲੀਨਿਕਲ ਪ੍ਰਬੰਧਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁਕੇ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜਾਂ ਨੂੰ ਹਰ ਤਰ੍ਹਾਂ ਦੇ ਸਾਮਾਨ ਦੀ ਸਪਲਾਈ ਦੇ ਸੰਦਰਭ 'ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸੂਬੇ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਨੂੰ 10 ਸਤੰਬਰ ਤੱਕ 1.39 ਕਰੋੜ ਪੀਪੀਈ ਕਿਟ, 3.42 ਕਰੋੜ ਐੱਨ-95 ਮਾਸਕ, 10.84 ਕਰੋੜ ਹਾਈਡ੍ਰਾਕਸੀਕਲੋਰੋਕਵਿਨ ਟੈਬਲੇਟ, 29,779 ਵੈਂਟੀਲੇਟਰ ਅਤੇ 1,02,400 ਆਕਸੀਜਨ ਸਿਲੰਡਰਾਂ ਦੀ ਸਪਲਾਈ ਕੀਤੀ ਜਾ ਚੁਕੀ ਹੈ। ਉਨ੍ਹਾਂ ਨੇ ਦੱਸਿਆ ਕਿ ਟੀਕਿਆਂ ਦੇ ਪ੍ਰੀਖਣ ਲਈ ਅੱਗੇ ਆਏ 30 ਤੋਂ ਵੱਧ ਸਵੈ-ਸੇਵੀਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ 'ਤੇ ਟੀਕਿਆਂ ਦਾ ਵੱਖ-ਵੱਖ ਪੜਾਵਾਂ 'ਤੇ ਪ੍ਰੀਖਣ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦੱਸਿਆ ਕਿ 7 ਅਗਸਤ ਨੂੰ ਕੋਵਿਡ-19 ਲਈ ਟੀਕਾ ਪ੍ਰਬੰਧਨ 'ਤੇ ਇਕ ਰਾਸ਼ਟਰੀ ਮਾਹਰ ਸਮੂਹ ਨੀਤੀ ਕਮਿਸ਼ਨ ਦੇ ਅਧੀਨ ਬਣਾਇਆ ਗਿਆ ਹੈ।