ਪ੍ਰਦੁਮਨ ਕਤਲ ਕੇਸ : ਅਸ਼ੋਕ ਨੇ ਲਗਾਏ ਹਰਿਆਣਾ ਪੁਲਸ ''ਤੇ ਗੰਭੀਰ ਦੋਸ਼, ਸੀ.ਬੀ.ਆਈ. ਨੂੰ ਦੱਸਿਆ ਸੱਚ

11/20/2017 8:14:14 AM

ਗੁਰੂਗਰਾਮ : ਪ੍ਰਦੁਮਨ ਕਤਲ ਕੇਸ 'ਚ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਸੂਤਰਾਂ ਦੇ ਅਨੁਸਾਰ ਦੋਸ਼ੀ ਅਸ਼ੋਕ ਨੇ ਸੀ.ਬੀ.ਆਈ. ਨੂੰ ਦੱਸਿਆ ਕਿ ਗੁਰੂਗਰਾਮ ਪੁਲਸ ਨੇ ਕਰੰਟ ਲਗਾ ਕੇ ਦੋਸ਼ ਕਬੂਲ ਕਰਵਾਇਆ ਸੀ। ਸੂਤਰਾਂ ਨੇ ਇਹ ਖੁਲਾਸਾ ਅਸ਼ੋਕ ਵਲੋਂ ਸੀ.ਬੀ.ਆਈ. ਨੂੰ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਕੀਤਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸੀ.ਬੀ.ਆਈ. ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾ ਕੀਤਾ ਹੈ। ਹਰਿਆਣਾ ਸਰਕਾਰ ਵਲੋਂ ਮਾਮਲਾ ਸੀ.ਬੀ.ਆਈ. ਦੇ ਅਧੀਨ ਕੀਤੇ ਜਾਣ ਤੋਂ ਬਾਅਦ 22 ਸਤੰਬਰ ਨੂੰ ਏਜੰਸੀ ਨੇ ਮਾਮਲਾ ਦਰਜ ਕਰ ਲਿਆ ਸੀ। 23 ਸਤੰਬਰ ਨੂੰ ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਸੀ। 24 ਸਤੰਬਰ ਨੂੰ ਦੋਸ਼ੀ ਅਸ਼ੋਕ ਨੂੰ ਜੇਲ 'ਚੋਂ ਸਕੂਲ ਲੈ ਜਾ ਕੇ ਕ੍ਰਾਈਮ ਸੀਨ ਰੀਕ੍ਰਿਏਟ ਕੀਤਾ ਗਿਆ ਸੀ।
ਦੋਸ਼ੀ ਅਸ਼ੋਕ ਦਾ ਹੈਰਾਨ ਕਰਨ ਵਾਲਾ ਖੁਲਾਸਾ 
ਇਸ ਦੌਰਾਨ ਉਸਦੇ ਬਿਆਨ ਵੀ ਦਰਜ ਕੀਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਬਿਆਨਾਂ 'ਚ ਅਸ਼ੋਕ ਨੇ ਸੀ.ਬੀ.ਆਈ. ਨੂੰ ਕਿਹਾ ਕਿ ਉਸਨੇ ਪ੍ਰਦੁਮਨ ਦਾ ਕਤਲ ਨਹੀਂ ਕੀਤਾ ਹੈ। ਪੁਲਸ ਨੇ ਉਸਨੂੰ ਜ਼ਬਰਦਸਤੀ ਫਸਾਇਆ ਹੈ। ਹੋਰ ਤੇ ਹੋਰ ਉਸਨੂੰ ਜ਼ੁਰਮ ਕਬੂਲ ਕਰਵਾਉਣ ਲਈ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ ਪਾਣੀ 'ਚ ਭਿਓਂ-ਭਿਓਂ ਕੇ ਮਾਰਿਆ ਗਿਆ। ਇੰਨੇ ਨਾਲ ਵੀ ਗੱਲ ਨਾ ਬਣੀ ਤਾਂ ਪੁਲਸ ਨੇ ਕਰੰਟ ਦਾ ਇਸਤੇਮਾਲ ਕੀਤਾ। ਇੰਨਾ ਦਰਦ ਸਹਿਣ ਕਰਨ ਤੋਂ ਬਾਅਦ ਮਜਬੂਰਨ ਅਸ਼ੋਕ ਨੂੰ ਇਹ ਦੋਸ਼ ਕਬੂਲ ਕਰਨਾ ਪਿਆ। ਉਹ ਬਾਥਰੂਮ ਗਿਆ ਜ਼ਰੂਰ ਸੀ ਪਰ ਉਸਨੇ ਪ੍ਰਦੁਮਨ ਨੂੰ ਨਹੀਂ ਮਾਰਿਆ।
ਅਸ਼ੋਕ ਹੱਥ-ਮੂੰਹ ਧੋਣ ਲਈ ਗਿਆ ਸੀ ਬਾਥਰੂਮ
ਅਸ਼ੋਕ ਨੇ ਦੱਸਿਆ ਕਿ ਉਹ ਘਟਨਾ ਤੋਂ ਇਕ ਦਿਨ ਪਹਿਲਾਂ ਅਤੇ ਘਟਨਾ ਵਾਲੇ ਦਿਨ ਕੰਮ 'ਚ ਬਿਜ਼ੀ ਹੋਣ ਦੇ ਕਾਰਨ ਨਹਾ ਨਹੀਂ ਸਕਿਆ ਸੀ। ਇਸ ਕਾਰਨ ਉਹ 8 ਸਤੰਬਰ ਨੂੰ ਸਕੂਲ ਪਹੁੰਚਣ ਤੋਂ ਬਾਅਦ ਅਸ਼ੋਕ ਬਾਥਰੂਮ ਗਿਆ ਅਤੇ ਉਥੇ ਪਹੁੰਚ ਕੇ ਉਸਨੇ ਹੱਥ-ਮੂੰਹ ਧੋਤਾ, ਆਪਣੇ ਵਾਲਾਂ ਨੂੰ ਵੀ ਧੋਤਾ। ਵਾਪਸ ਆਉਣ 'ਤੇ ਮਾਲੀ ਹਰਪਾਲ ਆਇਆ ੱਤੇ ਉਸਨੇ ਕਿਹਾ ਕਿ ਮੈਡਮ ਉਸਨੂੰ ਬੁਲਾ ਰਹੀ ਹੈ।
ਪੁਲਸ ਨੇ ਆਪਣੀ ਸਾਖ ਬਚਾਉਣ ਲਈ ਬਣਾਇਆ ਅਸ਼ੋਕ ਨੂੰ ਨਿਸ਼ਾਨਾ
ਅਸ਼ੋਕ ਨੇ ਕਿਹਾ ਕਿ ਉਹ ਮੈਡਮ ਦੇ ਕੋਲ ਪੁੱਜਾ ਤਾਂ ਉਨ੍ਹਾਂ ਨੇ ਖੂਨ ਨਾਲ ਲੱਥਪੱਥ ਬੱਚੇ ਨੂੰ ਚੁੱਕ ਕੇ ਹਸਪਤਾਲ ਲੈ ਜਾਣ ਲਈ ਕਿਹਾ, ਜਿਸ ਕਾਰਨ ਅਸ਼ੋਕ ਦੇ ਕੱਪੜਿਆ 'ਤੇ ਖੂਨ ਲੱਗ ਗਿਆ। ਇਸ 'ਤੇ ਮੈਡਮ ਨੇ ਕਿਹਾ ਕਿ ਕੱਪੜੇ ਧੋ ਲਓ, ਜਿਸ ਤੋਂ ਬਾਅਦ ਉਸਨੇ ਕੱਪੜੇ ਧੋਤੇ। ਜੇਕਰ ਉਸਨੂੰ ਮਾਲੀ ਹਰਪਾਲ ਬੁਲਾਉਣ ਲਈ ਆਇਆ ਸੀ ਤਾਂ ਅਸ਼ੋਕ ਉਸਨੂੰ ਕਿਸ ਤਰ੍ਹਾਂ ਮਾਰ ਸਕਦਾ ਹੈ। ਪੁਲਸ ਨੇ ਆਪਣੀ ਸਾਖ ਬਚਾਉਣ ਲਈ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਬੱਚੇ ਦੇ ਕਤਲ ਦਾ ਦੋਸ਼ ਲਗਾ ਦਿੱਤਾ।
ਸੀ.ਬੀ.ਆਈ. ਜਾਂਚ ਤੋਂ ਬਾਅਦ ਅਸ਼ੋਕ ਨੂੰ ਕਲੀਨ ਚਿੱਟ
ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਵਲੋਂ ਅਦਾਲਤ 'ਚ ਦਿਖਾਈ ਗਈ ਸੀ.ਡੀ. ਤੋਂ ਵੀ ਮਾਮਲਾ ਕਾਫੀ ਹੱਦ ਤੱਕ ਸਪੱਸ਼ਟ ਹੋ ਜਾਂਦਾ ਹੈ। ਸੀ.ਬੀ.ਆਈ. ਨੇ ਮਾਮਲੇ 'ਚ ਜਿਸ ਮੈਡਮ ਦਾ ਨਾਮ ਸਾਹਮਣੇ ਆਇਆ ਸੀ ਉਸ ਨਾਲ ਵੀ ਪੁੱਛਗਿੱਛ ਕੀਤੀ ਅਤੇ ਮਾਲੀ ਹਰਪਾਲ ਨਾਲ ਵੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਵੀਰਵਾਰ ਨੂੰ ਅਦਾਲਤ 'ਚ ਕਿਹਾ ਕਿ ਅਸ਼ੋਕ ਨੇ ਪ੍ਰਦੁਮਨ ਨੂੰ ਨਹੀਂ ਮਾਰਿਆ ਪਰ ਮਾਮਲਾ ਕਾਫੀ ਨਾਜ਼ੁਕ ਦੌਰ 'ਤੋਂ ਗੁਜ਼ਰ ਰਿਹਾ ਹੈ, ਇਸ ਲਈ ਅਜੇ ਉਸਨੂੰ ਜ਼ਮਾਨਤ ਅਜੇ ਨਹੀਂ ਦਿੱਤੀ ਜਾਣੀ ਚਾਹੀਦੀ । ਸੀ.ਬੀ.ਆਈ. ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸ਼ੋਕ ਨੂੰ ਕਲੀਨ ਚਿੱਟ ਮਿਲ ਸਕਦੀ ਹੈ।


Related News