ਨਿਰਭਯਾ ਦੀ ਮਾਂ ਬੋਲੀ- ਸਾਡਾ ਪੂਰਾ ਸਿਸਟਮ ਅਪਰਾਧੀਆਂ ਦਾ ਸਮਰਥਨ ਕਰਦਾ ਹੈ

03/02/2020 6:23:23 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਨੂੰ ਤੀਜੀ ਵਾਰ ਟਾਲ ਦਿੱਤਾ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਾਂਸੀ 'ਤੇ ਅਗਲੇ ਆਦੇਸ਼ ਤਕ ਰੋਕ ਲਾਈ ਹੈ। ਕੋਰਟ ਵਲੋਂ ਤੀਜੀ ਵਾਰ ਫਾਂਸੀ ਦੀ ਸਜ਼ਾ ਟਾਲ ਦੇਣ ਮਗਰੋਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਸਾਡਾ ਸਿਸਟਮ ਅਪਰਾਧੀਆਂ ਦਾ ਸਮਰਥਨ ਕਰਦਾ ਹੈ। ਕੋਰਟ ਵਲੋਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ? ਵਾਰ-ਵਾਰ ਫਾਂਸੀ ਨੂੰ ਟਾਲਣਾ ਸਾਡੇ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਚਾਰੇ ਦੋਸ਼ੀਆਂ ਅਕਸ਼ੈ, ਮੁਕੇਸ਼, ਵਿਨੇ ਅਤੇ ਪਵਨ ਦੀ ਫਾਂਸੀ ਦਿੱਤੀ ਜਾਣੀ ਹੈ, ਜਿਸ ਨੂੰ ਕੋਰਟ ਨੇ ਟਾਲ ਦਿੱਤਾ ਹੈ। ਦੱਸਣਯੋਗ ਹੈ ਕਿ ਨਿਰਭਯਾ ਦੇ ਚਾਰੇ ਦੋਸ਼ੀਆਂ-ਅਕਸ਼ੈ, ਵਿਨੇ, ਪਵਨ ਅਤੇ ਮੁਕੇਸ਼ ਨੂੰ ਮੰਗਲਵਾਰ ਭਾਵ ਕੱਲ ਫਾਂਸੀ ਦਿੱਤੀ ਜਾਣੀ ਸੀ। ਕੋਰਟ ਮੁਤਾਬਕ ਇਕ ਦੋਸ਼ੀ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਅਜਿਹੇ ਵਿਚ ਦੋਸ਼ੀਆਂ ਨੂੰ ਫਾਂਸੀ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੀ ਫਾਂਸੀ ਨੂੰ 2 ਵਾਰ ਟਾਲ ਦਿੱਤਾ ਗਿਆ ਹੈ।

ਇਹ ਹੈ ਪੂਰਾ ਮਾਮਲਾ—
16 ਦਸੰਬਰ 2012 ਨੂੰ ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ 'ਚ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।


Tanu

Content Editor

Related News