''ਇਸ ਵਾਰ ਪਾਕਿਸਤਾਨ ''ਚ ਵੜ ਕੇ ਮਾਰੋ ਤੇ ਉੱਥੇ ਹੀ ਬੈਠ ਜਾਓ...''; ਓਵੈਸੀ
Friday, May 02, 2025 - 12:05 PM (IST)

ਹੈਦਰਾਬਾਦ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰ ਨੂੰ ਪਾਕਿਸਤਾਨ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ। ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਭਾਰਤੀ ਸੰਸਦ ਦੁਆਰਾ ਪਾਸ ਕੀਤੇ ਗਏ ਇਕ ਮਤੇ ਦਾ ਹਵਾਲਾ ਦਿੱਤਾ ਜਿਸ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਅਭਿੰਨ ਅੰਗ ਹੈ। ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦੀ ਚੌਕੀਆਂ ਖਾਲੀ ਕਰਨ ਦੀਆਂ ਰਿਪੋਰਟਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ, ਉਨ੍ਹਾਂ ਕਿਹਾ,"ਜੇਕਰ ਇਸ ਵਾਰ ਕੋਈ ਕਾਰਵਾਈ ਕਰਨੀ ਹੈ, ਤਾਂ ਇਸ ਵਾਰ ਉਨ੍ਹਾਂ ਦੇ (ਪਾਕਿਸਤਾਨ ਦੇ) ਘਰ 'ਚ ਵੜ ਕੇ ਮਾਰੋ ਨਾ, ਉਨ੍ਹਾਂ ਦੇ ਘਰ 'ਚ ਵੜ ਕੇ ਬੈਠ ਜਾਓ।''
ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਖ਼ਬਰ ਬਾਰੇ ਜਾਣਕਾਰੀ ਨਹੀਂ ਹੈ। 26 ਨਵੰਬਰ 2008 ਦੇ ਮੁੰਬਈ ਹਮਲੇ, ਪੁਲਵਾਮਾ, ਉੜੀ, ਪਠਾਨਕੋਟ ਅਤੇ ਰਿਆਸੀ ਸਮੇਤ ਪਿਛਲੇ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦੇ ਹੋਏ, ਓਵੈਸੀ ਨੇ ਕਿਹਾ ਕਿ ਅੱਤਵਾਦ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ। "ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਅੱਤਵਾਦ ਨੂੰ ਖਤਮ ਕਰਨ ਦੀ ਅਪੀਲ ਕਰ ਰਹੀਆਂ ਹਨ," ਉਨ੍ਹਾਂ ਕਿਹਾ। ਉਨ੍ਹਾਂ ਕਿਹਾ,"ਤੁਸੀਂ (ਭਾਜਪਾ) ਸੱਤਾ 'ਚ ਹੈ- ਤੁਹਾਨੂੰ ਇਹ ਸਭ ਰੋਕਣਾ ਚਾਹੀਦਾ ਹੈ। ਓਵੈਸੀ ਨੇ ਇਹ ਵੀ ਐਲਾਨ ਕੀਤਾ ਕਿ ਏਆਈਐਮਆਈਐਮ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਦਾਅਵਾ ਕੀਤਾ ਕਿ ਸੀਮਾਂਚਲ ਖੇਤਰ ਦੇ ਲੋਕ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਨੂੰ 'ਚੋਰੀ ਕਰਨ ਵਾਲਿਆਂ' ਨੂੰ ਸਬਕ ਸਿਖਾਉਣਗੇ।'' ਉਨ੍ਹਾਂ ਕਿਹਾ ਕਿ ਪਾਰਟੀ ਨੇ ਬਹਾਦਰਗੰਜ ਹਲਕੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ 3 ਅਤੇ 4 ਮਈ ਨੂੰ ਬਿਹਾਰ 'ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਆਉਣ ਵਾਲੀ ਜਨਗਣਨਾ 'ਚ ਜਾਤੀ-ਅਧਾਰਤ ਗਣਨਾ ਨੂੰ ਸ਼ਾਮਲ ਕਰਨ ਦੇ ਕੇਂਦਰ ਦੇ ਫੈਸਲੇ 'ਤੇ ਟਿੱਪਣੀ ਕਰਦੇ ਹੋਏ, ਓਵੈਸੀ ਨੇ ਕਿਹਾ ਕਿ ਏਆਈਐਮਆਈਐਮ 2021 ਤੋਂ ਇਸ ਦੀ ਮੰਗ ਕਰ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8