ਓਵੈਸੀ ਦਾ ਫੁੱਟਿਆ ਗੁੱਸਾ, ਕਿਹਾ- ''ਕੀ ਅਮਰੀਕੀ ਰਾਸ਼ਟਰਪਤੀ ਦੁਨੀਆ ਦੇ ਚੌਧਰੀ ਹਨ?''

08/21/2019 1:13:04 PM

ਹੈਦਰਾਬਾਦ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਆਲ ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ ਕਿ ਜੇਕਰ ਕਸ਼ਮੀਰ ਸਾਡਾ ਦੋ-ਪੱਖੀ ਮਸਲਾ ਹੈ ਤਾਂ ਫਿਰ ਮੋਦੀ ਜੀ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰਨ ਦੀ ਕੀ ਲੋੜ ਸੀ। ਓਵੈਸੀ ਨੇ ਸਵਾਲੀਆ ਲਹਿਜੇ 'ਚ ਪੁੱਛਿਆ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਦੇ ਚੌਧਰੀ ਹਨ ਜਾਂ ਪੁਲਸ ਵਾਲੇ?

ਓਵੈਸੀ ਨੇ ਕਿਹਾ ਕਿ ਜਿਸ ਮੁੱਦੇ ਨੂੰ ਪੀ. ਐੱਮ. ਦੋ-ਪੱਖੀ ਦੱਸਦੇ ਹਨ, ਉਸ ਮੁੱਦੇ 'ਤੇ ਟਰੰਪ ਨਾਲ ਗੱਲ ਕਰਦੇ ਹਨ। ਆਖਰਕਾਰ ਇਸ ਮਸਲੇ ਵਿਚ ਤੀਜੇ ਨੂੰ ਲਿਆਉਣ ਦੀ ਕੀ ਲੋੜ ਪੈ ਗਈ। ਇਸ ਦਾ ਮਤਲਬ ਟਰੰਪ ਦਾ ਦਾਅਵਾ ਸਹੀ ਹੈ ਕਿ ਮੋਦੀ ਨੇ ਕਸ਼ਮੀਰ ਮੁੱਦੇ 'ਤੇ ਸਾਨੂੰ ਵਿਚੋਲਗੀ ਕਰਨ ਲਈ ਕਿਹਾ ਹੈ। ਓਵੈਸੀ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਰੇਡੀਓ 'ਤੇ ਮੋਦੀ ਕੁਝ ਹੋਰ ਗੱਲ ਕਰਦੇ ਹਨ ਅਤੇ ਸੰਸਦ 'ਚ ਕੁਝ ਹੋਰ। ਹੁਣ ਟਰੰਪ ਨਾਲ ਗੱਲ ਕੀਤੀ। ਮੈਨੂੰ ਬਿਲਕੁੱਲ ਸਮਝ ਨਹੀਂ ਆ ਰਿਹਾ ਕਿ ਇਸ ਮਸਲੇ ਵਿਚ ਟਰੰਪ ਨਾਲ ਗੱਲ ਕਰਨ ਦੀ ਕੀ ਲੋੜ ਸੀ। ਅਸੀਂ ਖੁਦ 'ਚ ਇਕ ਸ਼ਕਤੀ ਸੰਪੰਨ ਦੇਸ਼ ਹਾਂ, ਮੈਨੂੰ ਨਹੀਂ  ਲੱਗਦਾ ਕਿ ਸਾਨੂੰ ਕਿਸੇ ਹੋਰ ਦੀ ਲੋੜ ਹੈ।


ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਅਤੇ ਸੂਬੇ ਦੇ ਮੁੜਗਠਨ ਨੂੰ ਲੈ ਕੇ ਪਾਕਿਸਤਾਨ ਨਾਲ ਤਣਾਅ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਬੀਤੀ 19 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਸੀ। ਦੋਹਾਂ ਨੇਤਾਵਾਂ ਵਿਚਾਲੇ ਟੈਲੀਫੋਨ 'ਤੇ ਕਰੀਬ 30 ਮਿੰਟ ਲੰਬੀ ਗੱਲਬਾਤ ਹੋਈ ਸੀ।


Tanu

Content Editor

Related News