ਦਿੱਲੀ ''ਚ ਕੋਰੋਨਾ ਦੇ ਕੇਸ ਵਧੇ ਹਨ ਪਰ ਘਬਰਾਉਣ ਦੀ ਲੋੜ ਨਹੀਂ ਹੈ : ਕੇਜਰੀਵਾਲ

09/05/2020 1:44:12 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਲੋਕਾਂ ਨੂੰ ਭਰੋਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਹਾਲਾਤ ਕਾਬੂ ਵਿਚ ਹਨ। ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਦੋਹਰਾਇਆ ਕਿ ਕੋਰੋਨਾ ਕੇਸ ਇਸ ਲਈ ਵਧੇ ਹਨ, ਕਿਉਂਕਿ ਸ਼ਹਿਰ ਦੀ 'ਆਪ' ਸਰਕਾਰ ਨੇ ਜਾਂਚ ਦੁੱਗਣੀ ਕਰ ਦਿੱਤੀ ਹੈ। ਪਹਿਲਾਂ 20 ਹਜ਼ਾਰ ਦੇ ਕਰੀਬ ਟੈਸਟ ਹੁੰਦੇ ਸਨ, ਜੋ ਹੁਣ 40 ਹਜ਼ਾਰ ਦੇ ਆਲੇ-ਦੁਆਲੇ ਹੋ ਗਏ ਹਨ। 

ਦਿੱਲੀ ਵਾਸੀਆਂ ਨੂੰ ਕੋਵਿਡ-19 ਨਾਲ ਜੁੜੇ ਸਾਵਧਾਨੀ ਭਰੇ ਕਦਮਾਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲਾਪ੍ਰਵਾਹੀ ਭਰੇ ਵਤੀਰੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਲਿਆਉਣ ਲਈ ਵੱਖ-ਵੱਖ ਕਦਮ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡਾਂ ਦੀ ਕਮੀ ਨਹੀਂ ਹੈ ਅਤੇ ਹਸਪਤਾਲਾਂ ਵਿਚ ਉਪਲੱਬਧ 14,000 ਬੈੱਡਾਂ ਵਿਚੋਂ ਮਹਿਜ 5,000 ਬੈੱਡ ਭਰੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 5,000 ਬੈੱਡਾਂ ਵਿਚੋਂ ਵੀ 1600-1700 'ਤੇ ਹੋਰ ਸੂਬਿਆਂ ਤੋਂ ਆਏ ਮਰੀਜ਼ ਦਾਖ਼ਲ ਹਨ। 

ਜ਼ਿਕਰਯੋਗ ਹੈ ਕਿ ਦਿੱਲੀ 'ਚ ਕੋਰੋਨਾ ਕੇਸਾਂ ਦਾ ਅੰਕੜਾ ਇਕ ਵਾਰ ਫਿਰ 3,000 ਦੇ ਕਰੀਬ ਪੁੱਜ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਚ ਕੋਰੋਨਾ ਦੇ 2,914 ਨਵੇਂ ਮਾਮਲੇ ਆਏ ਹਨ। ਇਸ ਤੋਂ ਪਹਿਲਾਂ 27 ਜੂਨ ਨੂੰ 2,948 ਕੇਸ ਆਏ ਸਨ। ਪਿਛਲੇ 24 ਘੰਟਿਆਂ ਵਿਚ 36,219 ਨਮੂਨਿਆਂ ਦੀ ਜਾਂਚ ਕੀਤੀ ਗਈ। ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ 18,842 ਪਹੁੰਚ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 90 ਫੀਸਦੀ ਤੋਂ ਘੱਟ ਕੇ 87.39 ਫੀਸਦੀ ਹੋ ਗਈ ਹੈ। ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਹੁਣ ਤੱਕ 1 ਲੱਖ 85 ਹਜ਼ਾਰ 220 ਮਾਮਲੇ ਆ ਚੁੱਕੇ ਹਨ। ਇਨ੍ਹਾਂ 'ਚੋਂ 1 ਲੱਖ 61 ਹਜ਼ਾਰ 865 ਮਰੀਜ਼ ਠੀਕ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ 4,513 ਪਹੁੰਚ ਗਈ ਹੈ।


Tanu

Content Editor

Related News