ਮਜੀਠੀਆ ਹੀ ਨਹੀਂ ਸਗੋਂ ਸਾਰਿਆਂ ਕੋਲੋਂ ਮੁਆਫ਼ੀ ਮੰਗੇ ਕੇਜਰੀਵਾਲ : ਨਵੀਨ
Saturday, Mar 17, 2018 - 11:31 AM (IST)
ਚੰਡੀਗੜ੍ਹ — ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵਲੋਂ ਮਾਣਹਾਣੀ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਤੋਂ ਮੁਆਫੀ ਮੰਗਣ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੰਡੀਗੜ੍ਹ ਵਿਚ ਐਮਰਜੈਂਸੀ ਮੀਟਿੰਗ ਰੱਖੀ, ਜਿਸ ਵਿਚ ਮੁਆਫੀ ਮੰਗਣ ਵਾਲੇ ਮੁੱਦੇ ਦਾ ਮੰਥਨ ਕੀਤਾ ਗਿਆ ਸੀ। ਚੰਡੀਗੜ੍ਹ ਪਹੁੰਚੇ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਕਨਵਰ ਅਤੇ ਕੇਜਰੀਵਾਲ ਦੇ ਨਜ਼ਦੀਕੀ ਨਵੀਨ ਜੈਹਿੰਦ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਬਿਕਰਮ ਸਿੰਘ ਮਜੀਠੀਆ ਕੋਲੋਂ ਹੀ ਨਹੀਂ ਸਗੋਂ ਸਾਰਿਆਂ ਕੋਲੋਂ ਮੁਆਫ਼ੀ ਮੰਗਣਗੇ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਨਸ਼ਾ ਤਸਕਰੀ ਕਰਨ ਅਤੇ ਪੰਜਾਬ ਵਿਚ ਨਸ਼ੀਲੀਆਂ ਦਵਾਈਆਂ ਵੇਚਣ ਦੇ ਦੋਸ਼ ਲਗਾਏ ਸਨ। ਚੋਣਾਂ ਖਤਮ ਹੋਣ ਤੋਂ ਬਾਅਦ ਮਜੀਠੀਆ ਨੇ ਅੰਮ੍ਰਿਤਸਰ ਜ਼ਿਲਾ ਅਦਾਲਤ 'ਚ ਉਨ੍ਹਾਂ 'ਤੇ ਮਾਣਹਾਣੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਪਰ ਕੱਲ੍ਹ ਕੇਜਰੀਵਾਲ ਵਲੋਂ ਮੁਆਫ਼ੀ ਮੰਗਣ 'ਤੇ ਮਜੀਠੀਆ ਨੇ ਕੇਸ ਵਾਪਸ ਲੈਣ ਬਾਰੇ ਕਿਹਾ ਹੈ।
ਪਿਛਲੇ 7 ਮਹੀਨਿਆਂ 'ਚ ਮਾਣਹਾਣੀ ਦੇ ਮਾਮਲਿਆਂ 'ਚ ਕੇਜਰੀਵਾਲ ਵਲੋਂ ਦੂਸਰੀ ਵਾਰ ਮੁਆਫ਼ੀ ਮੰਗੀ ਗਈ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਪਾਰਟੀ ਆਪਣੇ ਨੇਤਾਵਾਂ ਦੇ ਖਿਲਾਫ ਦਾਇਰ ਮਾਣਹਾਣੀ ਦੇ ਮਾਮਲਿਆਂ ਨੂੰ ਇਸੇ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਪਿਛਲੇ ਸਾਲ ਅਗਸਤ 'ਚ ਕੇਜਰੀਵਾਲ ਨੇ ਹਰਿਆਣੇ ਦੇ ਭਾਜਪਾ ਆਗੂ ਅਵਤਾਰ ਸਿੰਘ ਭੜਾਨਾ ਕੋਲੋਂ ਮਾਮਲਾ ਖਤਮ ਕਰਨ ਲਈ ਮੁਆਫ਼ੀ ਮੰਗੀ ਸੀ। ਉਨ੍ਹਾਂ ਨੇ 2014 ਵਿਚ ਭੜਾਨਾ ਨੂੰ ਭ੍ਰਿਸ਼ਟ ਕਿਹਾ ਸੀ।
ਅਜਿਹੇ 'ਚ ਆਪ ਨੇਤਾਵਾਂ ਵਲੋਂ ਬੁਲਾਈ ਗਈ ਐਮਰਜੈਂਸੀ ਮੀਟਿੰਗ 'ਚ ਮੁਆਫ਼ੀ ਮੰਗਣ ਸਬੰਧਿਤ ਮੁੱਦੇ 'ਤੇ ਵਿਚਾਰ ਚਰਚਾ ਕੀਤੀ ਗਈ। ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਮੁਆਫ਼ੀ ਮੰਗਣ ਤੋਂ ਪਹਿਲਾਂ ਇਕ ਵਾਰ ਆਪ ਆਗੂਆਂ ਦੀ ਸਲਾਹ ਲੈ ਲੈਣੀ ਚਾਹੀਦੀ ਸੀ। ਕੇਜਰੀਵਾਲ ਦੇ ਇਸ ਕੰਮ ਤੋਂ ਕੁਝ ਆਪ ਨੇਤਾ ਖੁਸ਼ ਨਹੀਂ ਹਨ।
