ਕੋਰੋਨਾ ਦੇ ਹਾਲਾਤ ''ਤੇ ਬੋਲੇ ਕੇਜਰੀਵਾਲ- ਦਿੱਲੀ ''ਚ ਟੈਸਟਿੰਗ ਕਰਾਂਗੇ ਦੁੱਗਣੀ

Wednesday, Aug 26, 2020 - 01:41 PM (IST)

ਕੋਰੋਨਾ ਦੇ ਹਾਲਾਤ ''ਤੇ ਬੋਲੇ ਕੇਜਰੀਵਾਲ- ਦਿੱਲੀ ''ਚ ਟੈਸਟਿੰਗ ਕਰਾਂਗੇ ਦੁੱਗਣੀ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਨੇ ਦਿੱਲੀ 'ਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਨੂੰ ਐਮਰਜੈਂਸੀ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਥੋੜ੍ਹੀ ਵਧੀ ਹੈ, ਹਾਲਾਂਕਿ ਅੰਕੜੇ ਕੰਟਰੋਲ ਵਿਚ ਹਨ। ਆਉਣ ਵਾਲੇ ਦਿਨਾਂ ਵਿਚ ਟੈਸਟਿੰਗ ਦੁੱਗਣੀ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਜ਼ਿਆਦਾ ਖਰਾਬ ਨਹੀਂ ਹੋਣ ਦੇਵਾਂਗੇ। 17 ਅਗਸਤ ਤੋਂ ਬਾਅਦ ਕੋਰੋਨਾ ਦੇ ਕੇਸ 1200 ਤੋਂ 1400 ਦੇ ਆਲੇ-ਦੁਆਲੇ ਹਨ। ਉਨ੍ਹਾਂ ਕਿਹਾ ਕਿ ਰਿਕਵਰੀ ਦਰ ਦਿੱਲੀ 'ਚ 90 ਫੀਸਦੀ ਤੋਂ ਵਧੇਰੇ ਹੈ। ਮੌਤ ਦੇ ਅੰਕੜੇ ਦੇਖੀਏ ਤਾਂ ਦਿੱਲੀ 'ਚ ਕੋਰੋਨਾ ਦਾ ਅੰਕੜਾ ਘਟਿਆ ਹੈ। ਮੌਤ ਦਾ ਅੰਕੜਾ ਰੋਜ਼ਾਨਾ  20 ਤੋਂ ਘੱਟ ਹੈ, ਜਿਸ ਨੂੰ ਜ਼ੀਰੋ ਕਰਾਂਗੇ। 

ਕੇਜਰੀਵਾਲ ਨੇ ਕਿਹਾ ਕਿ ਹਸਪਤਾਲਾਂ 'ਚ ਬੈੱਡਾਂ ਦੀ ਕਮੀ ਨਹੀਂ ਹੈ। ਮਰੀਜ਼ਾਂ ਦੀ ਗਿਣਤੀ ਹਸਪਤਾਲਾਂ 'ਚ ਨਹੀਂ ਵਧੀ ਹੈ। ਸਾਡੀਆਂ ਤਿਆਰੀਆਂ ਪੂਰੀਆਂ ਹਨ। 14,130 ਬੈੱਡ ਹਨ, ਉਨ੍ਹਾਂ 'ਚੋਂ ਸਾਢੇ 10 ਹਜ਼ਾਰ ਬੈੱਡ ਖਾਲੀ ਹਨ। ਐਂਬੂਲੈਂਸ ਦੀ ਸਹੂਲਤ 'ਚ ਕੋਈ ਕਮੀ ਨਹੀਂ ਹੈ। ਅਸੀਂ ਅੱਜ ਬੈਠਕ ਕੀਤੀ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਟੈਸਟ ਦੀ ਗਿਣਤੀ ਦੁੱਗਣੀ ਕਰਨ ਜਾ ਰਹੇ ਹਾਂ। ਅਸੀਂ ਇਕ ਹਫਤੇ ਦੇ ਅੰਦਰ 40 ਹਜ਼ਾਰ ਟੈਸਟ ਕਰਾਂਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਨਿਸ਼ਾਨਬੱਧ ਕਰ ਕੇ ਆਈਸੋਲੇਟ ਕਰਾਂਗੇ। ਲੋਕ ਜਦੋਂ ਹਸਪਤਾਲਾਂ 'ਚੋਂ ਠੀਕ ਹੋ ਕੇ ਘਰ ਆ ਜਾਂਦੇ ਹਨ ਤਾਂ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ। 

ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਮਰੀਜ਼ ਠੀਕ ਹੋ ਕੇ ਘਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਕਸੀਮੀਟਰ ਦਿੱਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਮੁੜ ਹਸਪਤਾਲ ਜਾਣ ਦੀ ਨੌਬਤ ਨਾ ਆਵੇ। ਕੇਜਰੀਵਾਲ ਨੇ ਕਿਹਾ ਕਿ ਮਾਸਕ ਜ਼ਰੂਰ ਪਹਿਨੋ ਤਾਂ ਕਿ ਕੋਰੋਨਾ ਤੋਂ ਬਚਿਆ ਜਾ ਸਕੇ। ਸਮਾਜਿਕ ਦੂਰੀ ਦਾ ਪਾਲਣ ਕਰੋ, ਇਹ ਬਹੁਤ ਜ਼ਰੂਰੀ ਹੈ। ਜੇਕਰ ਇਹ ਨਿਯਮ ਤੁਸੀਂ ਨਹੀਂ ਮੰਨਦੇ ਤਾਂ ਇਹ ਤੁਹਾਡੇ ਲਈ ਜਾਨਲੇਵਾ ਹੋ ਸਕਦਾ ਹੈ। ਇਸ ਲਈ ਨਿਯਮਾਂ ਦਾ ਪਾਲਣ ਜ਼ਰੂਰ ਕਰੋ। ਕੋਰੋਨਾ ਦੇ ਲੱਛਣ ਨਜ਼ਰ ਆਉਣ ਤਾਂ ਟੈਸਟ ਜ਼ਰੂਰ ਕਰਵਾਓ। 


author

Tanu

Content Editor

Related News