ਸ਼ੱਕੀ ਅੱਤਵਾਦੀਆਂ ਨੇ ਛੁੱਟੀ ''ਤੇ ਗਏ ਜਵਾਨ ਦਾ ਕੀਤਾ ਕਤਲ, ਲਾਸ਼ ਬਰਾਮਦ
Saturday, Nov 25, 2017 - 07:18 PM (IST)
ਜੰਮੂ— ਅੱਤਵਾਦੀਆਂ ਨੇ ਛੁੱੱਟੀ 'ਤੇ ਗਏ ਫੌਜ ਦੇ ਇਕ ਜਵਾਨ ਦਾ ਕਤਲ ਕਰ ਦਿੱਤਾ। ਜਿਸ ਦੀ ਪਛਾਣ 23 ਸਾਲਾ ਇਰਫਾਨ ਅਹਿਮਦ ਡਾਰ ਪੁੱਤਰ ਗੁਲਾਮ ਮੁਹੰਮਦ ਡਾਰ ਨਿਵਾਸੀ ਸੇਨਜੇਨ ਦੇ ਰੂਪ 'ਚ ਹੋਈ ਹੈ। ਉਹ 175 ਟੈਰੀਟੋਰਿਅਲ ਆਰਮੀ (ਇੰਜੀਨਿਅਰ) ਬਾਂਡੀਪੋਰਾ 'ਚ ਤਾਇਨਾਤ ਸੀ। ਜਾਣਕਾਰੀ ਮੁਤਾਬਕ ਇਰਫਾਨ ਸ਼ੁੱਕਰਵਾਰ ਨੂੰ ਆਪਣੇ ਪਿੰਡ ਸੇਨਜੇਨ ਤੋਂ ਕਾਰ 'ਚ ਨਿਕਲਿਆ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕਰਨ 'ਤੇ ਵੀ ਉਸ ਦਾ ਕੋਈ ਪਤਾ ਨਹੀਂ ਚੱਲਿਆ। ਸ਼ਨੀਵਾਰ ਦੀ ਸਵੇਰ ਨੂੰ ਵੋਥਮੁਲਾ ਪਿੰਡ 'ਚ ਸਥਾਨਕ ਲੋਕਾਂ ਨੇ ਉਸ ਦੀ ਗੋਲੀਆਂ ਨਾਲ ਛੱਲੀ ਲਾਸ਼ ਇਕ ਬਗੀਚੇ 'ਚ ਪਈ ਹੋਈ ਦੇਖੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਉਹ 26 ਨਵੰਬਰ ਤਕ ਛੁੱਟੀ 'ਤੇ ਸੀ।
ੁਪੁਲਸ ਨੂੰ ਇਹ ਸ਼ੱਕ ਹੈ ਕਿ ਛੁੱਟੀ ਦੌਰਾਨ ਹੀ ਉਸ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੋਵੇਗਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਹੋਵੇਗਾ। ਫੌਜ ਦੇ ਸ਼੍ਰੀਨਗਰ ਦੇ ਪੀ. ਆਰ. ਓ. ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਰਫਾਨ ਉਤਰੀ ਕਸ਼ਮੀਰ ਦੇ ਬਾਂਡੀਪੋਰਾ ਜ਼ਿਲੇ 'ਚ ਕੰਟਰੋਲ ਰੇਖਾ ਨੇੜੇ ਗੁਰੇਜ ਸੈਕਟਰ 'ਚ ਤਾਇਨਾਤ ਸੀ। ਐੱਸ. ਐੱਸ. ਪੀ. ਸ਼ੋਪੀਆਂ ਦਾ ਕਹਿਣਾ ਹੈ ਕਿ ਇਰਫਾਨ ਨੂੰ ਅਗਵਾ ਕਰ ਕੇ ਮਾਰਨ ਦਾ ਸ਼ੱਕ ਹੈ। ਇਸ ਦੀ ਜਾਂਚ ਕਰਵਾਈ ਜਾ ਰਹੀ ਹੈ।
ਉਥੇ ਹੀ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਜਵਾਨ ਇਰਫਾਨ ਦੇ ਕਤਲ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਘਟਨਾਵਾਂ ਨਾਲ ਸੂਬੇ 'ਚ ਸ਼ਾਂਤੀ ਸਥਾਪਤ ਕਰਨ ਲਈ ਚਲਾਏ ਗਏ ਅਭਿਆਨਾਂ 'ਤੇ ਕੋਈ ਵੀ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਜਵਾਨ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਸੰਵੇਦਨਾ ਜਤਾਈ।
ਛੁੱਟੀ 'ਤੇ ਗਏ ਜਵਾਨ ਦਾ ਸ਼ੱਕੀ ਅੱਤਵਾਦੀਆਂ ਨੇ ਕੀਤਾ ਕਤਲ
