ਫੌਜ ਦੀ ਸੂਹ ਲੈਣ ਹੁਣ ਨਾਬਾਲਗਾਂ ਦਾ ਸਹਾਰਾ ਲੈ ਰਿਹਾ ਹੈ ਪਾਕਿਸਤਾਨ

Wednesday, Sep 11, 2019 - 11:41 AM (IST)

ਫੌਜ ਦੀ ਸੂਹ ਲੈਣ ਹੁਣ ਨਾਬਾਲਗਾਂ ਦਾ ਸਹਾਰਾ ਲੈ ਰਿਹਾ ਹੈ ਪਾਕਿਸਤਾਨ

ਬਾੜਮੇਰ— ਪਾਕਿਸਤਾਨ ਭਾਰਤੀ ਸਰਹੱਦ 'ਚ ਫੌਜ ਦੀ ਸੂਹ ਲੈਣ ਲਈ ਨਾਬਾਲਗਾਂ ਦਾ ਸਹਾਰਾ ਲੈਣ ਲੱਗਾ ਹੈ ਅਤੇ ਇਸ ਲਈ ਆਪਣੇ ਇਕ ਨਾਬਾਲਗ ਨੂੰ ਭਾਰਤੀ ਸਰਹੱਦ 'ਚ ਘੁਸਪੈਠ ਕਰਵਾਈ। ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਆਏ ਇਕ ਪਾਕਿਸਤਾਨੀ ਨਾਬਾਲਗ ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤੀ ਸਰਹੱਦ 'ਚ ਛਾਉਣੀਆਂ ਅਤੇ ਫੌਜੀਆਂ ਤਾਇਨਾਤੀ ਦਾ ਪਤਾ ਕਰਨ ਲਈ ਆਇਆ ਸੀ। ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਪੁੱਛ-ਗਿੱਛ ਤੋਂ ਬਾਅਦ ਇਸ ਨੂੰ ਗਡਰਾ ਰੋਡ ਪੁਲਸ ਨੂੰ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਫੋਰਸ ਨੇ ਸੋਮਵਾਰ ਨੂੰ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਨਾਗਰਿਕ ਭਾਗਚੰਦ (16) ਨੂੰ ਭਾਰਤੀ ਸਰਹੱਦ 'ਚ ਘੁਸਪੈਠ ਕਰਨ 'ਤੇ ਫੜਿਆ ਸੀ। ਪਾਕਿਸਤਾਨੀ ਨਾਗਰਿਕ ਨੇ ਡੂੰਘੇ ਹਰੇ ਰੰਗ ਦੀ ਸਲਵਾਰ ਕਮੀਜ਼ ਪਾ ਕੇ ਯੋਜਨਾਬੱਧ ਤਰੀਕੇ ਨਾਲ ਸਰਹੱਦ 'ਚ ਘੁਸਪੈਠ ਕੀਤੀ।

ਤਾਰਬੰਦੀ ਕੋਲ ਉੱਗੇ ਘਾਹ ਅਤੇ ਡੂੰਘੇ ਹਰੇ ਰੰਗ ਦੇ ਕੱਪੜਿਆਂ ਦੀ ਆੜ ਲੈ ਕੇ ਸਵੇਰ ਦੇ ਸਮੇਂ ਭਾਰਤੀ ਸਰਹੱਦ 'ਚ ਆਇਆ ਪਰ ਬੀ.ਐੱਸ.ਐੱਫ. ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਿਆ। ਜਵਾਨਾਂ ਦੇ ਲਲਕਾਰਨ 'ਤੇ ਉਹ ਉੱਥੋਂ ਤੁਰੰਤ ਦੌੜ ਗਿਆ। ਬਾਅਦ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਫੜਿਆ ਗਿਆ। ਥਾਣਾ ਅਧਿਕਾਰੀ ਅਮਰ ਸਿੰਘ ਨੇ ਦੱਸਿਆ ਕਿ ਹਾਲੇ ਇਹ ਪੂਰਾ ਜਾਂਚ ਦਾ ਵਿਸ਼ਾ ਹੈ। ਹਾਲੇ ਤੱਕ ਹੋਈ ਪੁੱਛ-ਗਿੱਛ 'ਚ ਉਸ ਨੇ ਦੱਸਿਆ ਕਿ ਸਲੀਮ ਖਾਨ ਪਠਾਨ ਨਾਂ ਦੇ ਵਿਅਕਤੀ ਨੇ ਉਸ ਨੂੰ ਪਤਾ ਲਗਾਉਣ ਭੇਜਿਆ ਸੀ ਕਿ ਭਾਰਤੀ ਸਰਹੱਦ 'ਚ ਕਿੰਨੀਆਂ ਛਾਉਣੀਆਂ ਹਨ ਅਤੇ ਕਿੰਨੇ ਆਦਮੀ ਤਾਇਨਾਤ ਹਨ। ਇਹ ਪਾਕਿਸਤਾਨ ਦੇ ਪਿੰਡ ਪੀਰਕੋਟ, ਤਹਿਸੀਲ ਛੋਰ ਜ਼ਿਲਾ ਅਮਰਕੋਟ, ਸਿੰਧ ਦਾ ਰਹਿਣ ਵਾਲਾ ਹੈ। ਇਸ ਨੂੰ ਅੱਜ ਬਾੜਮੇਰ ਲਿਆਂਦਾ ਗਿਆ ਹੈ, ਜਿੱਥੇ ਭਾਰਤੀ ਸੁਰੱਖਿਆ ਏਜੰਸੀਆਂ ਇਸ ਨਾਲ ਸੰਯੁਕਤ ਪੁੱਛ-ਗਿੱਛ ਕਰੇਗੀ।


author

DIsha

Content Editor

Related News