ਫੌਜ ਦੇ 2 ਜਵਾਨਾਂ ਨੂੰ ਲੱਗਾ ਬਿਜਲੀ ਦਾ ਝਟਕਾ, ਮੌਤ

09/06/2017 1:15:16 AM

ਊਧਮਪੁਰ— ਜਗਾਨੂੰ ਸਥਿਤ ਫੌਜ ਦੀ 3 ਐਡਵਾਂਸ ਵਰਕਸ਼ਾਪ 'ਚ ਤਾਇਨਾਤ ਫੌਜ ਦੇ 2 ਜਵਾਨਾਂ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਣ ਮੌਤ ਹੋ ਗਈ। ਜ਼ਿਲਾ ਹਸਪਤਾਲ 'ਚ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਫੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕੁੱਝ ਕੰਮ ਕਰਦੇ ਸਮੇਂ ਫੌਜ ਦੇ 2 ਜਵਾਨ ਲੋਹੇ ਦੀਆਂ ਪੋੜੀਆਂ ਦਾ ਇਸਤੇਮਾਲ ਕਰ ਰਹੇ ਸਨ। ਇਸ ਦੌਰਾਨ ਉਥੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਪੋੜੀ ਨਾਲ ਟੱਚ ਹੋਈਆਂ, ਜਿਸ ਤੋਂ ਬਾਅਦ ਜਵਾਨਾਂ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਦੋਵੇ ਬੂਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਫੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਦੋਵਾਂ ਨੂੰ ਸੈਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 
ਜ਼ਿਲਾ ਹਸਪਤਾਲ 'ਚ ਪੁਲਸ ਦੀ ਮੌਜੂਦਗੀ 'ਚ ਜਵਾਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਫੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਜਵਾਨਾਂ ਦੀ ਪਛਾਣ ਪੀ. ਜੈਪਾਲ ਰੇਡੀ ਪੁੱਤਰ ਪੀ. ਐਨ. ਰੇਡੀ ਵਾਸੀ ਅਨੰਤਪੁਰ, ਆਂਧਰ ਪ੍ਰਦੇਸ਼ ਅਤੇ ਆਈ, ਵਾਸੁਦੇਵਨ ਪੁੱਤਰ ਆਈ, ਇਰੂਲੱਪਨ ਵਾਸੀ ਥਨਥਨ, ਕੂਰੀ ਜ਼ਿਲਾ ਰਾਮਨਾਥਪੁਰਮ ਤਾਮਿਲਨਾਡੂ ਦੇ ਰੂਪ 'ਚ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News